ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਪਹਿਲਾਂ ਸੰਗਰੂਰ ਤੋਂ ਚੋਣ ਲੜਨ ਲਈ ਚੈਲੇਂਜ ਕੀਤਾ ਸੀ ਜਿਹੜਾ ਉਨ੍ਹਾਂ ਸਵੀਕਾਰ ਕਰ ਲਿਆ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਵੀ ਹਰਸਿਮਰਤ ਬਾਦਲ ਖ਼ਿਲਾਫ਼ ਆ ਕੇ ਚੋਣ ਲੜ ਲੈਣ। ਸੁਖਬੀਰ ਨੇ ਅਜਿਹਾ ਭਗਵੰਤ ਮਾਨ ਵੱਲੋਂ ਸੁਖਪਾਲ ਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ਖ਼ਿਲਾਫ਼ ਕੀਤੇ ਬਿਆਨ ਬਾਰੇ ਕਿਹਾ ਹੈ।

ਇਹ ਵੀ ਪੜ੍ਹੋ- ਹਰਸਿਮਰਤ ਖ਼ਿਲਾਫ਼ ਚੋਣ ਲੜਨ ਲਈ ਸੁਖਬੀਰ ਬਾਦਲ ਨੇ ਵੰਗਾਰੇ ਭਗਵੰਤ ਮਾਨ

ਭਗਵੰਤ ਮਾਨ ਨੇ ਬੇਅਦਬੀ ਮਾਮਲੇ ਸਬੰਧੀ ਬੋਲਦਿਆਂ ਕਿਹਾ ਕਿ ਐਸਆਈਟੀ ਵੱਲੋਂ ਜਿਹੜੀ ਜਾਂਚ ਕੀਤੀ ਰਹੀ ਹੈ, ਉਹ ਸਿੱਧੀ ਬਾਦਲਾਂ ਦੇ ਘਰ ਜਾ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਜੇਲ੍ਹ ਜਾਣ ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੂੰ ਜੇਲ੍ਹ ’ਚ ਕੱਪੜੇ ਨਹੀਂ ਲਿਜਾਣੇ ਪੈਣੇ, ਬਲਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਵਰਦੀ ਮਿਲੇਗੀ।

ਦਰਅਸਲ, ਭਗਵੰਤ ਮਾਨ ਨੇ ਬੀਤੇ ਦਿਨ ਕਿਹਾ ਸੀ ਕਿ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਜਾ ਰਹੇ ਹਨ। ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਪਾਸੇ ਤੇ ਅਕਾਲੀ-ਭਾਜਪਾ ਦੂਜੇ ਪਾਸੇ ਹਨ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਹਿੰਦਾ ਹਾਂ ਕਿ ਉਹ ਵੀ ਉੱਥੇ ਹੀ ਆ ਜਾਣ ਸਾਰਾ ਮੇਲਾ ਇਕੱਠਾ ਹੋ ਜਾਵੇਗਾ, ਕਿਉਂਕਿ ਇਹ ਸਾਰੇ ਅਕਾਲੀ ਦਲ ਨੂੰ ਹਰਾਉਣਾ ਚਾਹੁੰਦੇ ਸਨ।

ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਜਲਾਲਾਬਾਦ ਤੋਂ ਚੋਣ ਲੜੀ ਸੀ, ਪਰ ਹਾਰ ਗਏ ਸਨ। ਉੱਧਰ, ਹਰਸਿਮਰਤ ਕੌਰ ਬਾਦਲ ਦਾ ਚੋਣ ਹਲਕਾ ਕੀ ਹੋਵੇਗਾ, ਇਸ ਬਾਰੇ ਸ਼ਸ਼ੋਪੰਜ ਬਰਕਰਾਰ ਹੈ। ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਹਲਕਾ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕਿਆਸ ਹਨ ਕਿ ਹਰਸਿਮਰਤ ਫ਼ਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ। ਪਰ ਸੁਖਪਾਲ ਖਹਿਰਾ ਨੇ ਪਹਿਲਾਂ ਹੀ ਖ਼ੁਦ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਅਜਿਹੇ 'ਚ ਭਗਵੰਤ ਮਾਨ ਨੂੰ ਸੁਖਬੀਰ ਦੀ ਵੰਗਾਰ ਦੇ ਦਿੱਤੀ ਹੈ ਕਿ ਉਹ ਵੀ ਹਰਸਿਮਰਤ ਖ਼ਿਲਾਫ਼ ਚੋਣ ਲੜ ਲੈਣ।

ਹੋਰ ਖ਼ਬਰਾਂ- ਢੀਂਡਸਾ ਨੂੰ ਲੋਕ ਸਭਾ ਚੋਣ ਲੜਵਾਉਣ ਲਈ ਸੁਖਬੀਰ ਨੇ ਲਾਏ ਸੰਗਰੂਰ ਡੇਰੇ

ਇਹ ਵੀ ਪੜ੍ਹੋ- ਢੀਂਡਸਾ ਨਹੀਂ ਮੰਨਦੇ ਤਾਂ ਇਹ ਅਕਾਲੀ ‘ਸੂਰਮਾ’ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਲਈ ਤਿਆਰ!