ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਵੀ ਹਰਸਿਮਰਤ ਬਾਦਲ ਖ਼ਿਲਾਫ਼ ਆ ਕੇ ਚੋਣ ਲੜ ਲੈਣ। ਸੁਖਬੀਰ ਨੇ ਅਜਿਹਾ ਭਗਵੰਤ ਮਾਨ ਵੱਲੋਂ ਸੁਖਪਾਲ ਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ਖ਼ਿਲਾਫ਼ ਕੀਤੇ ਬਿਆਨ ਬਾਰੇ ਬੋਲ ਰਹੇ ਸਨ।
ਦਰਅਸਲ, ਭਗਵੰਤ ਮਾਨ ਨੇ ਬੀਤੇ ਦਿਨ ਕਿਹਾ ਸੀ ਕਿ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਖਹਿਰਾ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਜਾ ਰਹੇ ਹਨ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਪਾਸੇ ਅਤੇ ਅਕਾਲੀ-ਭਾਜਪਾ ਦੂਜੇ ਪਾਸੇ ਹਨ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਕਹਿੰਦਾ ਹਾਂ ਕਿ ਉਹ ਵੀ ਉੱਥੇ ਹੀ ਆ ਜਾਣ ਸਾਰਾ ਮੇਲਾ ਇਕੱਠਾ ਹੋ ਜਾਵੇਗਾ, ਕਿਉਂਕਿ ਇਹ ਸਾਰੇ ਅਕਾਲੀ ਦਲ ਨੂੰ ਹਰਾਉਣਾ ਚਾਹੁੰਦੇ ਸਨ।
ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਖਬੀਰ ਬਾਦਲ ਖ਼ਿਲਾਫ਼ ਜਲਾਲਾਬਾਦ ਤੋਂ ਚੋਣ ਲੜੀ ਸੀ, ਪਰ ਹਾਰ ਗਏ ਸਨ। ਉੱਧਰ, ਹਰਸਿਮਰਤ ਕੌਰ ਬਾਦਲ ਦਾ ਚੋਣ ਹਲਕਾ ਕੀ ਹੋਵੇਗਾ, ਇਸ ਬਾਰੇ ਸ਼ਸ਼ੋਪੰਜ ਬਰਕਰਾਰ ਹੈ। ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਬਾਦਲ ਦਾ ਹਲਕਾ ਬਦਲਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕਿਆਸ ਹਨ ਕਿ ਹਰਸਿਮਰਤ ਫ਼ਿਰੋਜ਼ਪੁਰ ਤੋਂ ਚੋਣ ਲੜ ਸਕਦੇ ਹਨ। ਪਰ ਸੁਖਪਾਲ ਖਹਿਰਾ ਨੇ ਪਹਿਲਾਂ ਹੀ ਖ਼ੁਦ ਨੂੰ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਅਜਿਹੇ 'ਚ ਭਗਵੰਤ ਮਾਨ ਨੂੰ ਸੁਖਬੀਰ ਦੀ ਵੰਗਾਰ ਦੇ ਦਿੱਤੀ ਹੈ ਕਿ ਉਹ ਵੀ ਹਰਸਿਮਰਤ ਖ਼ਿਲਾਫ਼ ਚੋਣ ਲੜ ਲੈਣ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦਾ ਇਸ 'ਤੇ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ।