ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਬਾਦਲ ਸੰਗਰੂਰ ਦੇ ਧੂਰੀ ਵਿੱਚ ਮਰਨ ਵਰਤ ’ਤੇ ਬੈਠੇ ਗੰਨਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਗੰਨਾ ਕਿਸਾਨ ਕੋਈ ਭੀਖ ਨਹੀਂ, ਬਲਕਿ ਸਰਕਾਰ ਕੋਲੋਂ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਉਹ ਵੀ ਨਹੀਂ ਦੇ ਰਹੀ। ਕਿਸਾਨ ਸ਼ੂਗਰ ਮਿੱਲ ਤੋਂ ਪੈਸੇ ਲੈਣ ਦੀ ਮੰਗ ਕਰ ਰਹੇ ਹਨ।


ਦੱਸ ਦੇਈਏ ਕਿ ਧੂਰੀ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਹ ਧਰਨੇ ਦੋ ਥਾਈਂ ਚੱਲ ਰਹੇ ਹਨ। ਇੱਕ ਥਾਂ ਕਿਸਾਨਾਂ ਨੇ ਹਾਈਵੇ ਜਾਮ ਕੀਤਾ ਹੋਇਆ ਹੈ ਤੇ ਦੂਜੀ ਥਾਂ ਕਿਸਾਨ ਮਰਨ ਵਰਤ ’ਤੇ ਬੈਠੇ ਹੋਏ ਹਨ। ਗੰਨਾ ਮਿੱਲ ਦੇ ਗੇਟ ਮੂਹਰੇ ਬੈਠੇ ਕਿਸਾਨਾਂ ਨਾਲ ਵੀਰਵਾਰ ਨੂੰ ਸੁਖਬੀਰ ਬਾਦਲ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।

ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਉਹ 18 ਮਾਰਚ ਤੋਂ ਧਰਨੇ ’ਤੇ ਬੈਠੇ ਹੋਏ ਹਨ। ਬੁੱਧਵਾਰ ਨੂੰ ਪੁਲਿਸ ਜ਼ਬਰਦਸਤੀ ਉਨ੍ਹਾਂ ਦੇ ਸਾਥੀ ਕਿਸਾਨ ਨੂੰ ਲੈ ਗਈ। ਉਨ੍ਹਾਂ ਕਿਹਾ ਕਿ ਮਰਨ ਵਰਤ ’ਤੇ ਬੈਠਣ ਵਾਲੇ ਕਿਸਾਨਾਂ ਦੀ ਲੰਮੀ ਲਿਸਟ ਹੈ। ਜੇ ਪੁਲਿਸ ਨੇ ਉਨ੍ਹਾਂ ਨਾਲ ਧੱਕਾਸ਼ਾਹੀ ਕੀਤੀ ਤਾਂ ਉਹ ਸਾਰੇ ਮਰਨ ਵਰਤ ’ਤੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਉਂਦੇ, ਉਹ ਧਰਨਾ ਨਹੀਂ ਚੁੱਕਣਗੇ।
ਉੱਧਰ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤੋਂ ਬੁਰੀ ਗੱਲ ਕੀ ਹੋ ਸਕਦੀ ਹੈ ਕਿ ਨਾ ਤਾਂ ਕੈਪਟਨ ਸਰਕਾਰ ਕਿਸਾਨਾਂ ਦੀ ਪਿਛਲੀ ਫਸਲ ਦੇ ਪੈਸੇ ਨਹੀਂ ਦੇ ਰਹੀ ਹੈ ਤੇ ਨਾ ਹੀ ਪ੍ਰਾਈਵੇਟ ਮਿੱਲਾਂ ਵਾਲੇ ਕਿਸਾਨਾਂ ਨੂੰ ਪੈਸੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੋਈ ਭੀਖ ਨਹੀਂ, ਬਲਕਿ ਆਪਣਾ ਹੱਕ ਮੰਗ ਰਹੇ ਹਨ।