ਸੰਗਰੂਰ: ਜ਼ਿਲ੍ਹੇ ਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ 'ਤੇ ਮਰਨ ਵਰਤ 'ਤੇ ਬੈਠੇ ਬਿਰਧ ਕਿਸਾਨ ਨੂੰ ਪੁਲਿਸ ਨੇ ਜ਼ਬਰੀ ਉਠਾ ਦਿੱਤਾ ਹੈ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿੱਚ ਜੰਮ ਕੇ ਧੱਕਾ ਮੁੱਕੀ ਵੀ ਹੋਈ, ਪਰ ਪੁਲਿਸ ਪ੍ਰਦਰਸ਼ਨਕਾਰੀ ਕਿਸਾਨ ਨੂੰ ਆਪਣੇ ਨਾਲ ਲੈ ਗਈ। ਕਿਸਾਨ ਜਥੇਬੰਦੀ ਨੇ ਆਪਣੇ ਹੋਰ ਸਾਥੀ ਨੂੰ ਮਰਨ ਵਰਤ 'ਤੇ ਬਿਠਾ ਦਿੱਤਾ ਹੈ।


ਜ਼ਰੂਰ ਪੜ੍ਹੋ- ਕਿਸਾਨਾਂ ਨੂੰ ਗੰਨਾ ਸਬਸਿਡੀ ਸਿੱਧੇ ਖਾਤਿਆਂ 'ਚ ਭੇਜਣ ਲਈ ਕੈਪਟਨ ਨੇ ਲਾਈ ਮੁਹਰ

71 ਸਾਲਾ ਮਹਿੰਦਰ ਸਿੰਘ ਵੜੈਚ ਆਪਣੀ ਫ਼ਸਲ ਦੀ ਅਦਾਇਗੀ ਨਾ ਹੋਣ ਤੋਂ ਪ੍ਰੇਸ਼ਾਨ ਸੀ ਅਤੇ ਉਸ ਨੇ ਚੀਨੀ ਮਿਲ ਦੇ ਗੇਟ ਦੇ ਅੱਗੇ ਪਿਛਲੇ ਤਿੰਨ ਦਿਨਾਂ ਤੋਂ ਆਪਣਾ ਮਰਨ ਵਰਤ ਸ਼ੁਰੂ ਕੀਤਾ ਹੋਇਆ ਸੀ। ਦਰਅਸਲ, ਮਹਿੰਦਰ ਸਿੰਘ ਦਾ ਤਕਰੀਬਨ ਸੱਤ ਲੱਖ ਰੁਪਏ ਚੀਨੀ ਮਿੱਲ ਵੱਲ ਬਕਾਇਆ ਹਨ। ਕਿਸਾਨ ਨੇ ਆਪਣੇ ਪੁੱਤਰ ਦੇ ਵਿਆਹ ਲਈ ਮਿੱਲ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਦੇਣ ਦਾ ਭਰੋਸਾ ਦਿੱਤਾ ਪਰ ਅਦਾਇਗੀ ਨਾ ਕੀਤੀ। ਇਸ 'ਤੇ ਕਿਸਾਨ ਨੇ ਖ਼ੁਦਕੁਸ਼ੀ ਦੀ ਥਾਂ ਸੰਘਰਸ਼ ਕਰਨ ਦਾ ਫੈਸਲਾ ਲਿਆ।

ਸੰਗਰੂਰ ਵਿੱਚ ਦੋ ਥਾਵਾਂ 'ਤੇ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਹੈ। ਚੀਨੀ ਮਿੱਲ ਤੋਂ ਇਲਾਵਾ ਧੂਰੀ ਐਸਡੀਐਮ ਦਫ਼ਤਰ ਕੋਲ ਲੁਧਿਆਣਾ-ਹਿਸਾਰ-ਦਿੱਲੀ ਕੌਮੀ ਮਾਰਗ ਪਿਛਲੇ 14 ਦਿਨਾਂ ਤੋਂ ਕਿਸਾਨ ਰੋਕੀ ਬੈਠੇ ਹਨ। ਇਸ ਕਾਰਨ ਆਵਾਜਾਈ ਵਿੱਚ ਕਾਸਾ ਵਿਘਨ ਪਿਆ ਹੋਇਆ ਹੈ ਅਤੇ ਆਵਾਜਾਈ ਬਦਲਵੇਂ ਰਸਤਿਓਂ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੂਰੇ ਸੂਬੇ ਵਿੱਚ ਕਿਸਾਨਾਂ ਦੇ ਸ਼ੂਗਰ ਮਿੱਲਾਂ ਵੱਲ 100 ਕਰੋੜ ਰੁਪਏ ਬਕਾਇਆ ਹਨ। ਪਿੱਛੇ ਜਿਹੇ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ 25 ਰੁਪਏ ਦੇ ਹਿਸਾਬ ਨਾਲ ਬਕਾਇਆ ਸਬਸਿਡੀ ਸਿੱਧੇ ਖਾਤਿਆਂ ਵਿੱਚ ਜਾਰੀ ਕਰਨ ਦਾ ਫੈਸਲਾ ਵੀ ਕੀਤਾ ਸੀ। ਪਰ ਹਾਲੇ ਤਕ ਅਜਿਹਾ ਨਹੀਂ ਹੋਇਆ।