ਪ੍ਰਤਾਪਗੜ੍ਹ: ਪੰਛੀਆਂ ਨੂੰ ਵੀ ਮਨੁੱਖਾਂ ਵਾਂਗ ਨਸ਼ੇ ਦੀ ਆਦਤ ਪੈ ਸਕਦੀ ਹੈ। ਗੱਲ ਅਜੀਬ ਹੈ, ਪਰ ਸੱਚ। ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ ਤੋਤਿਆਂ ਨੂੰ ਅਫ਼ੀਮ ਦੇ ਨਸ਼ੇ ਦੀ ਆਦਤ ਪੈ ਚੁੱਕੀ ਹੈ। ਆਦਤ ਇੰਨੀ ਬੁਰੀ ਲੱਗੀ ਹੈ ਕਿ ਹੁਣ ਛੁੱਟ ਨਹੀਂ ਰਹੀ। ਹੁਣ ਕਿਸਾਨਾਂ ਤੇ ਨਸ਼ੇੜੀ ਤੋਤਿਆਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਕਿਸਾਨਾਂ ਨੂੰ ਤਾਂ ਇਸ ਦਾ ਕਾਫੀ ਨੁਕਸਾਨ ਵੀ ਹੋ ਰਿਹਾ ਹੈ।
ਦਰਅਸਲ ਸਰਦੀ ਦੀ ਸ਼ੁਰੂਆਤ ਵਿੱਚ ਕਿਸਾਨ ਆਪਣੇ ਖੇਤਾਂ ਵਿੱਚ ਅਫ਼ੀਮ ਦੀ ਖੇਤੀ ਕਰਦੇ ਹਨ। ਬੀਜ ਬੀਜਣ ਦੇ ਦੋ ਮਹੀਨਿਆਂ ਬਾਅਦ ਅਫ਼ੀਮ ਨੂੰ ਖੂਬਸੂਰਤ ਫੁੱਲ ਲੱਗਦੇ ਹਨ ਤੇ ਮਗਰੋਂ ਇਹ ਫੁੱਲ ਡੋਡੇ ਬਣ ਜਾਂਦੇ ਗਨ। ਮਾਰਚ ਮਹੀਨੇ ਵਿੱਚ ਇਨ੍ਹਾਂ ਡੋਡਿਆਂ ਨੂੰ ਚੀਰਾ ਦੇ ਕੇ ਅਫੀਮ ਕੱਢੀ ਜਾਂਦੀ ਹੈ ਤੇ ਇਹ ਕੰਮ ਕਈ ਦਿਨਾਂ ਤਕ ਚੱਲਦਾ ਹੈ।
ਖੇਤਾਂ ਵਿੱਚ ਅਫ਼ੀਮ ਦੀ ਫਸਲ ਦੇਖ ਕੇ ਤੋਤਿਆਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਤੋਤੇ ਖੇਤਾਂ ਦੇ ਆਸ-ਪਾਸ ਦੇ ਰੁੱਖਾਂ ’ਤੇ ਡੇਰੇ ਲਾ ਲੈਂਦੇ ਹਨ। ਸਵੇਰੇ ਕਿਸਾਨਾਂ ਦੇ ਖੇਤ ਪੁੱਜਣ ਤੋਂ ਪਹਿਲਾਂ ਤੋਤਿਆਂ ਦੇ ਝੁੰਡ ਖੇਤਾਂ ਵਿੱਚ ਪਹੁੰਚੇ ਹੋਏ ਹੁੰਦੇ ਹਨ ਤੇ ਅਫ਼ੀਮ ਦੇ ਡੋਡੇ ਖ਼ਤਮ ਕਰ ਦਿੰਦੇ ਹਨ।
ਕਈ ਤੋਤੇ ਤਾਂ ਡੋਡੇ ਆਪਣੇ ਨਾਲ ਲੈ ਜਾਂਦੇ ਹਨ ਤੇ ਕਿਸੇ ਰੁੱਖ ’ਤੇ ਬੈਠ ਕੇ ਆਰਾਮ ਨਾਲ ਅਫ਼ੀਮ ਦਾ ਨਸ਼ਾ ਕਰਦੇ ਹਨ। ਕਈ ਵਾਰ ਤਾਂ ਤੋਤਿਆਂ ਨੂੰ ਇੰਨਾ ਨਸ਼ਾ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਕੋਈ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਹੈ। ਕਈ ਵਾਰ ਤਾਂ ਤੋਤੇ ਨਸ਼ਾ ਕਰਕੇ ਉੱਥੇ ਹੀ ਡਿੱਗ ਜਾਂਦੇ ਹਨ।
ਕਿਸਾਨਾਂ ਨੇ ਅਫ਼ੀਮ ਨੂੰ ਤੋਤਿਆਂ ਤੋਂ ਬਚਾਉਣ ਲਈ ਕਈ ਯਤਨ ਕੀਤੇ, ਪਰ ਸਭ ਜੁਗਾੜ ਫੇਲ੍ਹ ਹੋ ਗਏ। ਇਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਵੀ ਹੋ ਰਿਹਾ ਹੈ। ਅਫੀਮ ਦੇ ਇੱਕ ਡੋਡੇ ਵਿੱਚੋਂ ਔਸਤ 15 ਗ੍ਰਾਮ ਅਫ਼ੀਮ ਨਿਕਲਦੀ ਹੈ ਤੇ 1700 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੀ ਹੈ। ਇਸ ਹਿਸਾਬ ਨਾਲ ਤੋਤਾ ਇੱਕ ਡੋਡਾ ਖਾ ਕੇ ਕਿਸਾਨ ਦਾ ਲਗਪਗ 22 ਰੁਪਏ ਦਾ ਨੁਕਸਾਨ ਕਰਦਾ ਹੈ ਤੇ ਤੋਤਿਆਂ ਦੇ ਕਈ-ਕਈ ਝੁੰਡ ਕਈ ਡੋਡੇ ਖਾ ਕੇ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਕਰਦੇ ਹਨ।