ਚੰਡੀਗੜ੍ਹ: ਬਾਦਲ ਸਾਹਿਬ ਜੇ ਤੁਸੀਂ ਲੱਭਣਾ ਹੈ ਤਾਂ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਲੱਭੋ। ਪੰਜਾਬ ਦਾ ਖੋਇਆ ਸਨਮਾਨ ਲੱਭੋ। ਬਹਿਬਲ ਕਲਾਂ ਕਾਂਡ ਦੇ ਦੋਸ਼ੀ ਪੁਲਿਸ ਵਾਲੇ ਲੱਭੋ। ਕੁਰਾਨ ਸ਼ਰੀਫ ਕਾਂਡ ਦੇ ਦੋਸ਼ੀ ਲੱਭੋ। ਪੰਜਾਬ ਦੇ ਕਿਸਾਨ ਦੀਆਂ ਖ਼ੁਦਕੁਸ਼ੀਆਂ ਦੇ ਕਾਰਨ ਲੱਭੋ। ਅਨਾਜ ਘੋਟਾਲੇ ਦੇ ਦੋਸ਼ੀ ਲੱਭੋ। ਚਿੱਟੇ ਦੇ ਵਪਾਰੀ ਲੱਭੋ।ਬੇਰੁਜ਼ਗਾਰਾਂ ਲਈ ਨੌਕਰੀਆਂ ਲੱਭੋ। ਇਹ ਗੱਲ ਅੱਜ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਦਾ ਜਵਾਬ ਦਿੰਦਿਆਂ ਕਹੀ ਹੈ। ਦਰ ਅਸਲ ਬਾਦਲ ਨੇ ਕਿਹਾ ਸੀ ਕਿ  ਭਗਵੰਤ ਮਾਨ ਬਾਰੇ ਜੇ ਕੋਈ ਪੁਲਿਸ ਨੂੰ ਇਤਲਾਹ ਦਿੰਦਾ ਹੈ ਤਾਂ ਅਸੀਂ ਉਸਨੂੰ ਲੱਭ ਲਵਾਂਗੇ।

ਮਾਨ ਨੇ ਕਿਹਾ ਕਿ ਐਤਵਾਰ ਤੋਂ ਫਿਰ ਤੋਂ ਆਪਣੇ ਸੰਸਦੀ ਇਲਾਕੇ ਸੰਗਰੂਰ ਵਿੱਚ ਸਰਗਰਮ ਹੋ ਰਹੇ ਹਨ। ਉਨ੍ਹਾਂ ਆਖਿਆ ਹੈ ਕਿ ਉਨ੍ਹਾਂ ਬਾਰੇ ਜੋ ਵੀ ਅਫ਼ਵਾਹਾਂ
ਉੱਡ ਰਹੀਆਂ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮਾਨ ਅਨੁਸਾਰ ਉਨ੍ਹਾਂ ਨੇ ਪਾਰਟੀ ਨੂੰ ਦੱਸ ਕੇ ਕੁੱਝ  ਦਿਨ ਲਈ ਆਪਣੇ ਨਿੱਜੀ ਕੰਮਾਂ ਲਈ ਛੁੱਟੀ ਲਈ ਸੀ।

ਯਾਦ ਰਹੇ ਕਿ ਬਾਘਾ ਪੁਰਾਣਾ ਵਿਖੇ ਪਾਰਟੀ ਦੇ ਕਿਸਾਨ ਮੈਨੀਫੈਸਟੋ ਨੂੰ ਰਿਲੀਜ਼ ਕਰਨ ਤੋਂ ਬਾਅਦ ਭਗਵੰਤ ਮਾਨ ਅਚਾਨਕ ਲਾਪਤਾ ਹੋ ਗਏ ਸਨ। ਇਸ ਦੌਰਾਨ ਇਹ ਅਫ਼ਵਾਹ ਵੀ ਰਹੀ ਕਿ ਭਗਵੰਤ ਮਾਨ ਪਾਰਟੀ ਤੋਂ ਕੁੱਝ ਕਾਰਨਾਂ ਕਰ ਕੇ ਨਾਰਾਜ਼ ਹੋ ਗਏ ਹਨ। ਇਸ ਕਰ  ਕੇ ਉਹ ਕਿਸੇ ਗੁਪਤ ਥਾਂ ਉੱਤੇ ਚਲੇ ਗਏ ਹਨ।