ਸੰਗਰੂਰ: ਮਲੇਰਕੋਟਲਾ ਵਿੱਚ ਅਗਲੇ ਮਹੀਨੇ ਖੁੱਲ੍ਹਣ ਜਾ ਰਹੇ ਖੇਤਰੀ ਪਾਸਪੋਰਟ ਸੇਵਾ ਕੇਂਦਰ 'ਤੇ ਪੋਸਟਰ ਜੰਗ ਸ਼ੁਰੂ ਹੋ ਗਈ ਹੈ। ਪਿੜ ਵਿੱਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਮਲੇਰਕੋਟਲਾ ਤੋਂ ਹਲਕਾ ਵਿਧਾਇਕਾ ਰਜ਼ੀਆ ਸੁਲਤਾਨਾ ਕੁੱਦ ਪਏ ਹਨ। ਦੋਵੇਂ ਸਿਆਸਤਦਾਨ ਆਪਣੇ 'ਹਿੰਮਤ' ਸਦਕਾ ਸ਼ਹਿਰ ਵਿੱਚ ਪਾਸਪੋਰਟ ਸੇਵਾ ਕੇਂਦਰ ਲਿਆਉਣ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹ ਰਹੇ ਹਨ।
ਪਾਸਪੋਰਟ ਕੇਂਦਰ ਦੇ 16 ਫਰਵਰੀ ਨੂੰ ਉਦਘਾਟਨ ਸਬੰਧੀ ਵੀ ਵੱਖ-ਵੱਖ ਦਾਅਵੇਦਾਰੀ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਦੇ ਹੱਕ ਵਿੱਚ ਲੱਗੇ ਪੋਸਟਰਾਂ ’ਚ ਦੱਸਿਆ ਗਿਆ ਹੈ ਕਿ ਰਜ਼ੀਆ ਸੁਲਤਾਨਾ ਵੱਲੋਂ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ, ਪਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਹੀ ਖੇਤਰੀ ਪਾਸਪੋਰਟ ਦਫ਼ਤਰ ਖੁੱਲ੍ਹ ਰਿਹਾ ਹੈ ਤੇ ਉਹ 16 ਫਰਵਰੀ ਨੂੰ ਉਦਘਾਟਨੀ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ।
ਮਾਨ ਨੇ ਕਿਹਾ ਕਿ ਉਹ ਆਪਣੇ ਸੰਸਦੀ ਹਲਕੇ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਦੀ ਮੰਗ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸਨ, ਜਿਸ ਮਗਰੋਂ ਅਪਰੈਲ-2018 ਵਿਚ ਕੇਂਦਰੀ ਵਿਦੇਸ਼ ਮੰਤਰਾਲੇ ਨੇ ਦੱਸਿਆ ਸੀ ਕਿ ਸੰਗਰੂਰ ਜ਼ਿਲ੍ਹੇ ’ਚ ਪਾਸਪੋਰਟ ਦਫ਼ਤਰ ਖੋਲ੍ਹ ਰਹੇ ਹਾਂ ਅਤੇ ਇਹ ਦਫ਼ਤਰ ਡਾਕਖਾਨੇ ’ਚ ਹੀ ਖੁੱਲ੍ਹੇਗਾ।
ਹਾਲਾਂਕਿ, ਮਾਨ ਨੇ ਚੋਭ ਕਰਦਿਆਂ ਕਿਹਾ ਕਿ ਜੇਕਰ ਵਿਧਾਇਕਾ ਪਾਸਪੋਰਟ ਦਫ਼ਤਰ ਤੇ ਉਨ੍ਹਾਂ ਵੱਲੋਂ ਬਣਵਾਏ ਗਏ ਸਕੂਲਾਂ ਦੇ ਕਮਰਿਆਂ ਦਾ ਵੀ ਉਦਘਾਟਨ ਕਰਨਾ ਚਾਹੁੰਣ ਤਾਂ ਕਰ ਸਕਦੇ ਸਨ ਅਤੇ ਨਾਲ ਹੀ ਉਨ੍ਹਾਂ ਰਜ਼ੀਆ ਸੁਲਤਾਨਾ ਉੱਪਰ ਪਾਸਪੋਰਟ ਦਫ਼ਤਰ ਦਾ ਉਦਘਾਟਨ ਕਰਨ ਦੇ ਬੈਨਰ ਤੇ ਪੋਸਟਰ ਲਗਵਾਉਣ ਨੂੰ ਘਟੀਆ ਰਾਜਨੀਤੀ ਦੱਸਿਆ।