ਚੰਡੀਗੜ੍ਹ :  ਪੰਜਾਬ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ (ਆਪ) ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 20 ਨਵੰਬਰ ਤੋਂ ਸੂਬੇ 'ਚ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰਨਗੇ। ਇਹ ਐਲਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਰਦਿਆਂ ਦੱਸਿਆ ਕਿ ਕੇਜਰੀਵਾਲ ਅਗਲੇ ਮਹੀਨੇ ਦੌਰਾਨ ਪੰਜਾਬ ’ਚ ਵੱਖ- ਵੱਖ ਥਾਵਾਂ ਦੇ ਦੌਰੇ ਕਰਨਗੇ।



ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਮੋਗੇ ਪਹੁੰਚ ਕੇ ‘ਮਿਸ਼ਨ ਪੰਜਾਬ’ ਦੀ ਸ਼ੁਰੂਆਤ ਕਰਨਗੇ। ਸੂਬੇ 'ਚ ਆਮ ਆਦਮੀ ਪਾਰਟੀ ਸ਼ਹਿਰ ਤੋਂ ਲੈ ਕੇ ਪਿੰਡ ਤਕ ਤੂਫ਼ਾਨੀ ਪ੍ਰਚਾਰ ਕਰੇਗੀ ਤਾਂ ਜੋ ਆਉਂਦੀਆਂ ਵਿਧਾਨ ਸਭਾ ਚੋਣਾ 'ਚ ਪੰਜਾਬ ਨੂੰ ਹਸਦਾ-ਵਸਦਾ ਪੰਜਾਬ ਦੇ ਯਤਨ ਕੀਤੇ ਜਾਣ।
ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਮਿਸ਼ਨ ਪੰਜਾਬ ਦੇ ਤਹਿਤ ਅਰਵਿੰਦ ਕੇਜਰੀਵਾਲ ਸ਼ਹਿਰਾਂ, ਕਸਬਿਆਂ ਦੇ ਨਾਲ ਨਾਲ ਪਿੰਡਾਂ 'ਚ ਵੀ ਜਾਣਗੇ ਤੇ ਪਿੰਡ ਵਾਸੀਆਂ ਦੀ ਸਮੱਸਿਆਵਾਂ ਵੀ ਸੁਣਨਗੇ।


ਦੱਸ ਦਈਏ ਕਿ ਅੱਜ 'ਦ ਗ੍ਰੇਟ ਖ਼ਲੀ' ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਹ ਜਾਣਕਾਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਟਵੀਟ ਕਰ ਕੇ ਦਿੱਤੀ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੂਰੀ ਦੁਨੀਆ 'ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਰੈਸਲਰ 'ਦ ਗ੍ਰੇਟ ਖ਼ਲੀ' ਜੀ ਨਾਲ ਅੱਜ ਮੁਲਾਕਾਤ ਹੋਈ। 'ਦ ਗ੍ਰੇਟ ਖ਼ਲੀ' ਮਸ਼ਹੂਰ ਰੈਸਲਰ ਹਨ ਤੇ ਉਨ੍ਹਾਂ ਦਾ ਅਸਲ ਨਾਂ ਦਲੀਪ ਸਿੰਘ ਰਾਣਾ ਹੈ।


 


ਪੰਜਾਬ ਵਿਧਾਨ ਸਭਾ ਚੋਣਾਂ ਕਰ ਕੇ ਕੇਜਰੀਵਾਲ ਨੇ ਪੰਜਾਬ 'ਚ ਸਰਗਰਮੀ ਵਧਾ ਦਿੱਤੀ ਹੈ। ਉਹ ਸੂਬੇ ਦੇ ਮਸ਼ਹੂਰ ਚਿਹਰਿਆਂ ਨੂੰ ਪਾਰਟੀ ਵਿੱਚ ਲਿਆ ਕੇ ਪੰਜਾਬ ਦਾ ਮੈਦਾਨ ਫਤਹਿ ਕਰਨਾ ਚਾਹੁੰਦੇ ਹਨ। ਇਹ ਵੀ ਚਰਚਾ ਚੱਲੀ ਸੀ ਕਿ ਅਦਾਕਾਰ ਸੋਨੂੰ ਸੂਦ ਵੀ ਆਮ ਆਦਮੀ ਪਾਰਟੀ ਨਾਲ ਸੰਪਰਕ 'ਚ ਹਨ। ਉਨ੍ਹਾਂ ਨੇ ਵੀ ਕੇਜਰੀਵਾਲ ਨਾਲ ਮੀਟਿੰਗ ਕੀਤੀ ਸੀ। ਉਂਝ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਨੂੰ ਮੋਗਾ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਹੈ। ਚਰਚਾ ਹੈ ਕਿ ਉਹ ਕਾਂਗਰਸ ਦੀ ਟਿਕਟ ਉੱਪਰ ਚੋਣ ਲੜ ਸਕਦੇ ਹਨ ਪਰ ਅਜੇ ਕੁਝ ਸਪਸ਼ਟ ਨਹੀਂ ਹੋਇਆ।