ਪਟਿਆਲਾ: ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਕਈ ਗੁਣਾ ਵੱਧ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਪਹਿਲਾਂ ਵੀ ਕਈ ਵਾਰ ਗੱਲਬਾਤ ਤੇ ਦੋਸਤੀ ਦਾ ਹੱਥ ਵਧਾਉਣ ਦੇ ਵਾਅਦੇ ਕੀਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ਕੌਮਾਂਤਰੀ ਸਮਝੌਤੇ ਤਹਿਤ ਭਾਰਤ ਦੀ ਮੰਗ 'ਤੇ ਖਰਾ ਉੱਤਰੇ।
ਨਾਭਾ ਵਿੱਚ ਪਹੁੰਚੇ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਰਜੀਕਲ ਸਟ੍ਰਾਈਕ ਬਾਰੇ ਕਿਹਾ ਕਿ ਇਸ ਸੰਕਟ ਮੌਕੇ ਸਿਆਸੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਡੇ ਜਵਾਨਾਂ ਦਾ ਖ਼ੂਨ ਡੁੱਲ ਰਿਹਾ ਹੈ ਤਾਂ ਹੀ ਭਾਰਤੀ ਫ਼ੌਜਾਂ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਧਿਆਪਕਾਂ ਨੂੰ ਬਣਦਾ ਹੱਕ ਨਹੀਂ ਮਿਲ ਰਿਹਾ। ਅਧਿਆਪਕਾਂ ਉੱਪਰ ਪਾਣੀ ਦੀ ਬੁਛਾੜਾਂ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ। ਅਧਿਆਪਕ ਬਿਲਕੁੱਲ ਸੇਫ ਨਹੀਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੇਪਰਾਂ ਦੇ ਸਮੇਂ ਸਭ ਤੋਂ ਵੱਧ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਵੀ ਨਹੀਂ ਮਿਲ ਰਹੇ।
ਬੇਅਦਬੀ ਤੇ ਗੋਲੀ ਕਾਂਡ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਲੋਕਾਂ ਪਰਮਰਾਜ ਸਿੰਘ ਉਮਰਾਨੰਗਲ, ਸੁਮੇਧ ਸੈਣੀ, ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜੇਲ੍ਹਾਂ ਵਿੱਚ ਹੋਣਾ ਚਾਹੀਦਾ ਹੈ। ਮਾਨ ਨੇ ਪ੍ਰਕਾਸ਼ ਸਿੰਘ ਬਾਦਲ 'ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਜੇਲ੍ਹਾਂ ਵਿੱਚ ਕੱਪੜੇ ਲਿਜਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਜੇਲ੍ਹਾਂ ਵਿੱਚ ਹੀ ਕੱਪੜੇ ਮਿਲਦੇ ਹਨ।
ਮਾਨ ਨੇ ਸੁਖਪਾਲ ਖਹਿਰਾ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਭੁਲੱਥ ਦੇ ਲੋਕਾਂ ਨੇ ਉਨ੍ਹਾਂ ਨੂੰ ਫੇਸਬੁੱਕ ਲਾਈਵ ਹੋਣ ਲਈ ਨਹੀਂ ਸੀ ਚੁਣਿਆ। ਇੱਕ ਪਾਸੇ ਖਹਿਰਾ ਵਿਧਾਨ ਸਭਾ ਵਿੱਚ ਮੁੱਦੇ ਉਠਾਉਣ ਦੀ ਗੱਲ ਕਰ ਰਹੇ ਹਨ ਪਰ ਉਹ ਇੱਕ ਦਿਨ ਵਿਧਾਨ ਸਭਾ ਵਿੱਚ ਜਾ ਕੇ ਨਹੀਂ ਵੜੇ। ਦੂਜੇ ਪਾਸੇ ਵਿਧਾਨ ਸਭਾ ਦੇ ਸਪੀਕਰ ਨੇ ਤਿੰਨ ਵਾਰ ਉਨ੍ਹਾਂ ਨੂੰ ਚਿੱਠੀਆਂ ਭੇਜੀਆਂ ਤੇ ਖਹਿਰਾ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਮੈਨੂੰ ਕੋਈ ਚਿੱਠੀ ਨਹੀਂ ਮਿਲੀ।