Bhagwant Mann Cabinet :  ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅੱਜ 10 ਵਿਧਾਇਕ ਮੰਤਰੀ ਵਜੋਂ ਸਹੁੰ ਚੁੱਕਣਗੇ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਅੱਜ ਸਵੇਰੇ 11 ਵਜੇ ਪੰਜਾਬ ਰਾਜ ਭਵਨ ਵਿਖੇ ਹੋਵੇਗਾ।

 

ਮੁੱਖ ਮੰਤਰੀ ਮਾਨ ਨੇ ਆਪਣੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਵਾਲੇ 10 ਵਿਧਾਇਕਾਂ ਦੇ ਨਾਂ ਅਤੇ ਉਨ੍ਹਾਂ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕਰਦਿਆਂ ਕਿਹਾ ਕਿ ਨਵੀਂ ਕੈਬਨਿਟ ਅੱਜ ਸਹੁੰ ਚੁੱਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਨਵਾਂ ਮੰਤਰੀ ਮੰਡਲ ਅੱਜ ਸਹੁੰ ਚੁੱਕੇਗਾ। ਭਗਵੰਤ ਮਾਨ ਨੇ ਲਿਖਿਆ ਪੰਜਾਬ ਦੀ 'ਆਪ' ਸਰਕਾਰ 'ਚ ਸ਼ਾਮਲ ਹੋਏ ਸਾਰੇ ਮੰਤਰੀਆਂ ਨੂੰ ਬਹੁਤ ਬਹੁਤ ਵਧਾਈਆਂ। ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ। ਪੰਜਾਬ ਨੂੰ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਰੰਗਲਾ ਪੰਜਾਬ ਬਣਾਉਣਾ ਹੈ।

 

ਪੰਜਾਬ ਦੀ ਨਵੀਂ ਸਰਕਾਰ ਵਿੱਚ ਜਿਹੜੇ ਆਗੂ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ, ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਪ੍ਰਮੁੱਖ ਹਨ। ਇਸ ਤੋਂ ਇਲਾਵਾ  ਡਾ: ਬਲਜੀਤ ਕੌਰ, ਹਰਭਜਨ ਸਿੰਘ ਈਟੀਓ, ਡਾ. ਵਿਜੇ ਸਿੰਗਲਾ, ਗੁਰਮੀਤ ਸਿੰਘ ਮੀਤ ਹੇਅਰ, ਹਰਜੋਤ ਸਿੰਘ ਬੈਂਸ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ (ਜ਼ਿੰਪਾ) ਵੀ ਮੰਤਰੀ ਵਜੋਂ ਸਹੁੰ ਚੁੱਕਣਗੇ।
  

 

 ਤੁਹਾਨੂੰ ਦੱਸ ਦੇਈਏ ਕਿ ਪੰਜਾਬ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਹੁੰ ਚੁੱਕਣ ਤੋਂ ਬਾਅਦ ਮੰਤਰੀ ਅਹੁਦਾ ਸੰਭਾਲਣਗੇ ਅਤੇ ‘ਆਪ’ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਦੁਪਹਿਰ ਬਾਅਦ ਹੋਵੇਗੀ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਸੀ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਮੈਂਬਰੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਕੁੱਲ 92 ਸੀਟਾਂ ਮਿਲੀਆਂ ਹਨ।