ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਉਨ੍ਹਾਂ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੱਤੀ ਹੈਪਰ ਇਸ ਦੇ ਨਾਲ ਉਨ੍ਹਾਂ ਸੁਖਬੀਰ ਨੂੰ ਸ਼ਰਤ ਰੱਖੀ ਕਿ ਜੇ ਸੰਗਰੂਰ ਤੋਂ ਚੋਣ ਲੜਨ ਦਾ ਮਨ ਹੋਇਆ ਤਾਂ ਆ ਜਾਣਾ ਪਰ ਬਿਕਰਮ ਮਜੀਠੀਆ ਨੂੰ ਨਾ ਲੈ ਕੇ ਆਉਣ ਕਿਉਂਕਿ ਉਹ ਇੱਥੇ ਆ ਕੇ ਚਿੱਟਾ ਵੇਚਣ ਲੱਗ ਜਾਣਗੇ ਪਰ ਸਾਡੇ ਨੌਜਵਾਨਾਂ ਨੂੰ ਚਿੱਟੇ ਦੀ ਆਦਤ ਨਹੀਂ ਹੈ। ਯਾਦ ਰਹੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਚਿੱਟੇ ਸਬੰਧੀ ਟਿੱਪਣੀਆਂ ਲਈ ਬਿਕਰਮ ਮਜੀਠੀਆ ਕੋਲੋਂ ਮੁਆਫੀ ਮੰਗ ਚੁੱਕੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਬਾਦਲ ਸੰਗਰੂਰ ਤੋਂ ਹਰ ਵਾਰ ਢੀਂਡਸਾ ਪਰਿਵਾਰ ਦੀ ਬਲੀ ਲੈਂਦੇ ਆਏ ਹਨ। ਇਸ ਵਾਰ ਉਨ੍ਹਾਂ ਸੁਖਬੀਰ ਨੂੰ ਖ਼ੁਦ ਸੰਗਰੂਰ ਆ ਕੇ ਉਨ੍ਹਾਂ ਖਿਲਾਫ ਚੋਣ ਲੜਨ ਦੀ ਵੰਗਾਰ ਪਾਈ ਹੈ। ਉਨ੍ਹਾਂ ਕਿਹਾ ਕਿ ਉਹ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਨ ਤੇ ਸੁਖਬੀਰ ਵੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਹੁਣ ਸੰਗਰੂਰ ਵਿੱਚ ਦੋਵਾਂ ਪ੍ਰਧਾਨਾਂ ਦੀ ਟੱਕਰ ਹੋਣੀ ਚਾਹੀਦੀ ਹੈ।
ਦੱਸ ਦੇਈਏ ਕਿ ਸੰਗਰੂਰ ਤੋਂ ਭਗਵੰਤ ਮਾਨ ਦਾ ਮੁਕਾਬਲਾ ਪੰਜਾਬੀ ਗਾਇਕ ਜੱਸੀ ਨਾਲ ਹੋਏਗਾ। ਜੱਸੀ ਜਸਰਾਜ ਸੰਗਰੂਰ ਲੋਕ ਸਭਾ ਸੀਟ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਹਨ।। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਇਹ ਐਲਾਨ ਕੀਤਾ ਹੈ।
ਸਬੰਧਿਤ ਖ਼ਬਰ- ਭਗਵੰਤ ਮਾਨ ਨੂੰ ਟੱਕਰਨਗੇ ਜੱਸੀ ਜਸਰਾਜ, ਪੀਡੀਏ ਵੱਲੋਂ ਐਲਾਨ