ਕੈਪਟਨ ਨੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਹਨ ਕਿ ਡਾ. ਸ਼ੋਰੀ ਕਤਲ ਮਾਮਲੇ ਦੀ ਜਾਂਚ ਜਲਦ ਪੂਰੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਖ਼ੁਰਾਕ ਤੇ ਡਰੱਗਜ਼ ਪ੍ਰਬੰਧਨ (ਫੂਡ ਤੇ ਡਰੱਗਜ਼ ਐਡਮਿਨਿਸਟ੍ਰੇਸ਼ਨ) ਅਧੀਨ ਜ਼ਿਲ੍ਹਾ ਲਾਇਸੈਂਸਿੰਗ ਅਥਾਰਿਟੀ ਦੇ ਦਫ਼ਤਰ ’ਚ ਡਰੱਗ ਇੰਸਪੈਕਟਰ ਡਾ. ਨੇਹੀ ਸ਼ੋਰੀ ਨੂੰ ਵਿਅਕਤੀ ਨੇ ਗੋਲ਼ੀਆਂ ਮਾਰ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਦੀ ਸ਼ਨਾਖ਼ਤ ਬਲਵਿੰਦਰ ਸਿੰਘ ਵਾਸੀ ਮੋਰਿੰਡਾ ਵਜੋਂ ਹੋਈ ਸੀ। ਜਦ ਮੋਟਰਸਾਈਕਲ 'ਤੇ ਫਰਾਰ ਹੋ ਰਹੇ ਮੁਲਜ਼ਮ ਨੂੰ ਕਾਬੂ ਕਰਨ ਲਈ ਵਿਭਾਗ ਦੇ ਹੋਰ ਮੁਲਾਜ਼ਮ ਅੱਗੇ ਵਧੇ ਤਾਂ ਖ਼ੁਦ ਨੂੰ ਵੀ ਦੋ ਗੋਲ਼ੀਆਂ ਮਾਰ ਲਈਆਂ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜ਼ਰੂਰ ਪੜ੍ਹੋ- ਲਾਇਸੈਂਸ ਰੱਦ ਹੋਣ 'ਤੇ ਕੈਮਿਸਟ ਨੇ ਮਹਿਲਾ ਡਰੱਗ ਇੰਸਪੈਕਟਰ ਨੂੰ ਮਾਰੀ ਗੋਲੀ
ਜ਼ਿਲ੍ਹਾ ਪੁਲੀਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕਤਲ ਰੰਜਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਵਿੰਦਰ ਸਿੰਘ 2009 ਵਿਚ ਮੋਰਿੰਡਾ ’ਚ ਦਵਾਈਆਂ ਦੀ ਦੁਕਾਨ ਚਲਾਉਂਦਾ ਸੀ। ਡਾ. ਸ਼ੋਰੀ ਉਸ ਵੇਲੇ ਰੋਪੜ ਵਿਚ ਡਰੱਗ ਇੰਸਪੈਕਟਰ ਵਜੋਂ ਤਾਇਨਾਤ ਸਨ। ਡਾ. ਸ਼ੋਰੀ ਨੇ 29 ਸਤੰਬਰ 2009 ਨੂੰ ਬਲਵਿੰਦਰ ਦੇ ਜਸਪ੍ਰੀਤ ਮੈਡੀਕਲ ਸਟੋਰ ਉੱਤੇ ਛਾਪਾ ਮਾਰਿਆ ਸੀ। ਇਸ ਦੌਰਾਨ ਉੱਥੋਂ ਬਿਨਾਂ ਦਸਤਾਵੇਜ਼ਾਂ ਤੋਂ ਅਜਿਹੀਆਂ 35 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਹੋਈਆਂ ਸਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਕੀਤੀ ਜਾ ਸਕਦੀ ਸੀ। ਮੈਡੀਕਲ ਸਟੋਰ ਦਾ ਲਾਇਸੈਂਸ ਤਤਕਾਲੀ ਡਰੱਗ ਇੰਸਪੈਕਟਰ ਡਾ. ਸ਼ੋਰੀ ਨੇ ਰੱਦ ਕਰ ਦਿੱਤਾ ਸੀ।