ਸੰਗਰੂਰ: ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਹੋਏ ਗ੍ਰਨੇਡ ਹਮਲੇ ਤੇ ਬਠਿੰਡਾ ਵਿੱਚ ਦੋ ਕਰੋੜ ਦੀ ਫਿਰੌਤੀ ਨਾ ਮਿਲਣ ਬਦਲੇ ਨੌਜਵਾਨ ਦੇ ਕਤਲ ਜਿਹੀਆਂ ਵਾਰਦਾਤਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਕਾਨੂੰਨ ਵਿਵਸਥਾ ਦਾ ਇੰਨਾ ਮੰਦਾ ਹਾਲ ਹੈ ਤਾਂ ਗ੍ਰਹਿ ਮੰਤਰੀ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਦੇ ਗ੍ਰਨੇਡ ਹਮਲੇ ਹੋ ਰਹੇ ਹਨ ਤੇ ਕਦੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਕਦੇ ਗੈਂਗਸਟਰ ਆਪਸ 'ਚ ਲੜ ਰਹੇ ਹਨ ਤੇ ਕਦੇ ਵਿਧਾਇਕ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਧਮਕਾਉਂਦੇ ਹਨ। ਉਨ੍ਹਾਂ ਕਿਹਾ ਕਿ ਇੰਨਾ ਸਭ ਹੋਣ ਰਿਹਾ ਹੈ ਪਰ ਹੋਮ ਮਿਨਿਸਟਰ ਆਪਣੇ ਹੋਮ ਤੋਂ ਹੀ ਨਹੀਂ ਨਿਕਲ ਰਹੇ।

ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਖ਼ੁਫ਼ੀਆ ਤੰਤਰ ਦੀ ਨਾਕਾਮੀ ਦੇ ਚੱਲਦਿਆਂ ਹੀ ਗ੍ਰਨੇਡ ਹਮਲਾ ਤੇ ਕਿਡਨੈਪਿੰਗ ਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਸਮੇਂ ਵੀ ਨਾਭਾ ਜੇਲ੍ਹ ਬ੍ਰੇਕ ਵਰਗੀਆਂ ਘਟਨਾਵਾਂ ਨੂੰ ਪਾਕਿਸਤਾਨ ਸਿਰ ਮੜ੍ਹ ਦਿੱਤਾ ਜਾਂਦਾ ਸੀ ਪਰ ਇਹ ਇੰਟੈਲੀਜੈਂਸ ਫੇਲੀਅਰ ਹੈ।

ਆਮ ਆਦਮੀ ਪਾਰਟੀ ਵੱਲੋਂ ਮੁੜ ਤੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਭਗਵੰਤ ਮਾਨ ਨੇ ਪਿੰਡਾਂ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਅੱਜ ਪਿੰਡ ਧਾਂਦਰਾ ਦੇ ਸਕੂਲ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਸੰਸਦ ਮੈਂਬਰ ਵੱਲੋਂ ਗੋਦ ਲਏ ਪਿੰਡ ਦੀ ਹਾਲਤ ਵਧੀਆ ਨਾ ਹੋਣ 'ਤੇ ਕੇਂਦਰ 'ਤੇ ਕੋਈ ਵਾਧੂ ਫੰਡ ਨਾ ਦੇਣ ਦਾ ਇਲਜ਼ਾਮ ਲਾਇਆ।