ਗੁਰਦਾਸਪੁਰ: ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿੱਚ ਨਿਰੰਕਾਰੀ ਭਵਨ ਉੱਤੇ ਕੀਤੇ ਗ੍ਰਨੇਡ ਹਮਲੇ ਦੇ ਇਲਜ਼ਾਮਾਂ ਵਿੱਚ ਧਾਰੀਵਾਲ ਵਾਸੀ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ 'ਤੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਿਸ ਵੇਲੇ ਹਮਲੇ ਹੋਇਆ ਉਦੋਂ ਬਿਕਰਮਜੀਤ ਤਾਂ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਫਿਰ ਉਹ ਹਮਲੇ ਵਿੱਚ ਸ਼ਾਮਲ ਕਿਵੇਂ ਹੋ ਸਕਦਾ ਹੈ।
ਉਨ੍ਹਾਂ ਨੇ ਪੁਲਿਸ ਵੱਲੋਂ ਲਾਏ ਇਲਜ਼ਾਮਾਂ ਨੂੰ ਰੱਦ ਕਰਦਿਆਂ ਆਖਿਆ ਕਿ ਉਹ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੈ। ਬਿਕਰਮਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿਕਰਮਜੀਤ ਨੂੰ ਸੋਮਵਾਰ ਸ਼ਾਮ ਪੁਲਿਸ ਚੁੱਕ ਕੇ ਲੈ ਗਈ ਸੀ।
ਬਿਕਰਮਜੀਤ ਦੇ ਇੱਕ ਰਿਸ਼ਤੇਦਾਰ ਸੁਰਜੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਪੁਲਿਸ ਆਪਣੇ ਆਪ ਨੂੰ ਬਚਾਉਣ ਲਈ ਇਸ ਘਟਨਾ ਲਈ ਉਸ ਨੂੰ ਫਸਾ ਰਹੀ ਹੈ। ਪਿੰਡ ਦੇ ਸਰਪੰਚ ਰਛਪਾਲ ਸਿੰਘ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਜਦੋਂ ਬੰਬ ਧਮਾਕਾ ਹੋਇਆ ਸੀ, ਇਹ ਨੌਜਵਾਨ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਸੋਮਵਾਰ ਸ਼ਾਮ ਨੂੰ ਵੱਡੀ ਗਿਣਤੀ ਪੁਲਿਸ ਉਸ ਦੇ ਘਰ ਆਈ ਸੀ ਤੇ ਘਰ ਦੀ ਤਲਾਸ਼ੀ ਲਈ ਸੀ। ਉਸ ਦਾ ਲੈਪਟਾਪ ਵੀ ਪੁਲਿਸ ਲੈ ਗਈ ਸੀ।
ਕੌਣ ਹੈ ਬਿਕਰਮਜੀਤ?
ਬਿਕਰਮਜੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਦਾ ਵੱਡਾ ਭਰਾ ਗੁਰਸ਼ੇਰ ਸਿੰਘ ਕੈਨੇਡਾ ਵਿੱਚ ਉਚੇਰੀ ਪੜ੍ਹਾਈ ਲਈ ਗਿਆ ਹੈ। ਪਰਿਵਾਰ ਕੋਲ ਪਿੰਡ ਧਾਰੀਵਾਲ ਬੱਗਾ ਵਿੱਚ ਖੇਤੀਬਾੜੀ ਵਾਸਤੇ ਸੱਤ ਏਕੜ ਜ਼ਮੀਨ ਹੈ, ਜਿੱਥੇ ਇਹ ਨੌਜਵਾਨ ਖੇਤੀਬਾੜੀ ਕਰਦਾ ਹੈ।