ਲੁਧਿਆਣਾ

  : ਨਾਜਾਇਜ਼ ਸ਼ਰਾਬ ਨੂੰ ਲੈ ਕੇ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਲੁਧਿਆਣਾ ਵਿੱਚ ਇੱਕ ਸਰਚ ਅਪ੍ਰੇਸ਼ਨ ਦੌਰਾਨ ਆਬਕਾਰੀ ਵਿਭਾਗ ਵੱਲੋਂ 1.45 ਲੱਖ ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡਰੋਨ ਦੀ ਮਦਦ ਨਾਲ ਆਬਕਾਰੀ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਮੁਲਜ਼ਮਾਂ ਨੇ ਇਸ ਨੂੰ ਸਤਲੁਜ ਦਰਿਆ ਦੇ ਕੰਢੇ ਪਾਣੀ ਵਿੱਚ ਛੁਪਾ ਦਿੱਤਾ ਸੀ।



ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਰ ਤੇ ਆਬਕਾਰੀ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਤਲੁਜ ਦਰਿਆ ਦੇ ਕੰਢਿਆਂ ਤੋਂ ਸ਼ਰਾਬ ਦੀ ਨਾਜਾਇਜ਼ ਨਿਕਾਸੀ ਨੂੰ ਰੋਕਣ ਲਈ ਅੱਜ ਸਵੇਰੇ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ ਸੀ। 5 ਵਜੇ ਤੋਂ ਸਰਚ ਆਪਰੇਸ਼ਨ ਜਾਰੀ ਹੈ।

 

ਬੁਲਾਰੇ ਨੇ ਦੱਸਿਆ ਕਿ ਟੀਮਾਂ ਵੱਲੋਂ ਪਿੰਡ ਭੋਲੇਵਾਲ, ਜੱਦੀਦ, ਭੋਡੇ, ਤਲਵਣ, ਰਾਜਾਪੁਰ, ਭਾਗੀਆ, ਖਹਿਰਾ ਬੇਟ, ਉਚਾ ਪਿੰਡ ਧਗੇੜਾ, ਭੂੰਦੜੀ, ਸੰਗੋਵਾਲ, ਮੇਉਵਾਲ ਗੋਰਸੀਆਂ, ਹਾਕਮਾਏ ਬੇਟ ਦੇ ਕਰੀਬ 27 ਕਿ.ਮੀ. , ਲੁਧਿਆਣਾ ਜ਼ਿਲੇ ਦੇ ਬਾਗੀਆਂ ਅਤੇ ਬੁਰਜ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਕਰੀਬ 1.45 ਲੱਖ ਲੀਟਰ ਲਾਹਣ ਬਰਾਮਦ ਕੀਤੀ ਗਈ। 18 ਤੋਂ ਵੱਧ ਆਰਜ਼ੀ ਚੁੱਲੇ ਜੋ ਭੱਠੀ ਵਜੋਂ ਵਰਤੇ ਜਾਂਦੇ ਸਨ ਅਤੇ 8 ਕੁਇੰਟਲ ਲੱਕੜ ਵੀ ਮੌਕੇ 'ਤੇ ਨਸ਼ਟ ਕਰ ਦਿੱਤੀ ਗਈ। 

ਇਸ ਤੋਂ ਪਹਿਲਾਂ ਪਟਿਆਲਾ ਵਿੱਚ ਆਬਕਾਰੀ ਵਿਭਾਗ ਨੇ ਕਾਰਵਾਈ ਕਰਦਿਆਂ 35000 ਲੀਟਰ ਈਐਨਏ ਬਰਾਮਦ ਕੀਤਾ ਹੈ। ਇਸ ਈਐਨਏ ਦੀ ਕੀਮਤ 3-4 ਕਰੋੜ ਰੁਪਏ ਬਣਦੀ ਹੈ। ਮੰਗਲਵਾਰ ਨੂੰ ਹੀ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ। ਇਸ ਮਗਰੋਂ ਵਿਭਾਗ ਨੇ ਐਕਸ਼ਨ ਲਿਆ ਹੈ।

ਦੱਸ ਦੇਈਏ ਕਿ ਸਾਲ 2021 ਵਿੱਚ ਅੰਮ੍ਰਿਤਸਰ ਦੇ ਇਲਾਕੇ ਵਿੱਚ ਈਐਨਏ ਦੀ ਗੈਰ-ਕਾਨੂੰਨੀ ਵਿਕਰੀ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਹ ਵੀ ਸੱਚ ਹੈ ਕਿ ਕਾਂਗਰਸ ਤੇ ਅਕਾਲੀ ਸਰਕਾਰਾਂ ਵੇਲੇ ਈਐਨਏ ਦੀ ਨਾਜਾਇਜ਼ ਵਿਕਰੀ ਹੁੰਦੀ ਰਹੀ ਹੈ। ਈਐਨਏ ਦੀ ਗੈਰ-ਕਾਨੂੰਨੀ ਵਿਕਰੀ ਵਿੱਚ ਦੋ ਸਾਬਕਾ ਵਿਧਾਇਕਾਂ ਦੇ ਨਾਂ ਸਾਹਮਣੇ ਆਏ ਸੀ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।