ਨਿਊਯਾਰਕ: ਕੈਲੀਫੋਰਨੀਆ ਵਿੱਚ ਸਰਹੱਦੀ ਚੌਕੀ 'ਤੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੁੰਦੇ 100 ਪਰਵਾਸੀ ਫੜੇ ਗਏ। ਇਸ ਗਰੁੱਪ ਵਿੱਚ 17 ਭਾਰਤੀ ਨਾਗਰਿਕ ਵੀ ਹਨ। ਇੰਪੀਰੀਅਲ ਬੀਚ ਸਟੇਸ਼ਨ ਤੋਂ ਸੈਨ ਡਿਏਗੋ ਸੈਕਟਰ ਬਾਰਡਰ ਪੈਟਰੋਲ ਏਜੰਟਾਂ ਨੇ ਮੰਗਲਵਾਰ ਸਵੇਰੇ ਤੜਕੇ 2 ਵਜੇ 100 ਪਰਵਾਸੀਆਂ ਦੇ ਗਰੁੱਪ ਨੂੰ ਗ੍ਰਿਫਤਾਰ ਕੀਤਾ। 


ਹਾਸਲ ਜਾਣਕਾਰੀ ਮੁਤਾਬਕ ਇਸ ਗਰੁੱਪ ਵਿੱਚ ਅਫਰੀਕਾ, ਏਸ਼ੀਆ ਤੇ ਦੱਖਣੀ ਅਮਰੀਕਾ ਦੇ ਨਾਗਰਿਕ ਸ਼ਾਮਲ ਸਨ ਗਰੁੱਪ ਵਿੱਚ ਸੋਮਾਲੀਆ (37), ਭਾਰਤ (17), ਅਫਗਾਨਿਸਤਾਨ (6), ਪਾਕਿਸਤਾਨ (4) ਸਮੇਤ 12 ਦੇਸ਼ਾਂ ਦੇ ਨਾਗਰਿਕ ਹਨ। ਦੱਸ ਦਈਏ 2022 ਵਿੱਤੀ ਸਾਲ ਲਈ ਸੈਨ ਡਿਏਗੋ ਸੈਕਟਰ ਵਿੱਚ ਫੜੇ ਗਏ 145,618 ਪ੍ਰਵਾਸੀਆਂ ਵਿੱਚੋਂ, 44,444 ਮੈਕਸੀਕੋ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਆਏ ਪ੍ਰਵਾਸੀ ਸ਼ਾਮਲ ਸਨ।


ਕਾਬਿਲੇਗ਼ੌਰ ਹੈ ਕਿ ਅੱਜ ਕੱਲ ਕਿੰਨੇ ਹੀ ਪੰਜਾਬੀ ਨੌਜਾਵਨ ਬਾਹਰ ਜਾਣ ਦੇ ਲਾਲਚ ਵਿੱਚ ਗ਼ਲਤ ਟਰੈਵਲ ਏਜੰਟਾਂ ਕੋਲ ਫਸ ਜਾਂਦੇ ਹਨ। ਜਿਨ੍ਹਾਂ ਨੂੰ ਪੈਸੇ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ। ਇਸੇ ਮੁੱਦੇ ਉੱਪਰ ਪੰਜਾਬੀ ਫ਼ਿਲਮ ਆਜਾ ਮੈਕਸੀਕੋ ਚੱਲੀਏ ਵੀ ਬਣ ਚੁੱਕੀ ਹੈ। ਜਿਸ ਵਿੱਚ ਐਮੀ ਵਿਰਕ ਨਜ਼ਰ ਆਏ ਸੀ। ਇਸ ਫ਼ਿਲਮ `ਚ ਇਹੀ ਮੈਸੇਜ ਦਿਤਾ ਗਿਆ ਸੀ ਕਿ ਕਿਵੇਂ ਫ਼ਰਾਡ ਟਰੈਵਲ ਏਜੰਟ ਮਾਸੂਮ ਨੌਜਵਾਨਾਂ ਨੂੰ ਬਾਹਾ ਭੇਜਣ ਦਾ ਸੁਪਨਾ ਦਿਖਾ ਕੇ ਲੁੱਟ ਲੈਂਦੇ ਹਨ ਤੇ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਾਉਂਦੇ ਹਨ। ਅਜਿਹਾ ਕਰਨ `ਚ ਬਹੁਤ ਘੱਟ ਨੌਜਵਾਨ ਕਾਮਯਾਬ ਹੋ ਪਾਉਂਦੇ ਹਨ। ਕੁੱਝ ਤਾਂ ਰਾਹ `ਚ ਭੁੱਖੇ ਪਿਆਸੇ ਮਰ ਜਾਂਦੇ ਹਨ। ਕੁੱਝ ਨੂੰ ਪੁਲਿਸ ਗ੍ਰਿਫ਼ਤਾਰ ਕਰ ਲੈਂਦੀ ਹੈ।


ਇਸ ਸਬੰਧੀ ਸਰਕਾਰ ਨੂੰ ਕਾਰਵਾਈ ਕਰਨ ਦੀ ਲੋੜ ਹੈ। ਫ਼ਰਾਡ ਟਰੈਵਲ ਏਜੰਟਾਂ `ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਦੁਬਾਰਾ ਕਿਸੇ ਇਨਸਾਨ ਦੀ ਜ਼ਿੰਦਗੀ ਜੋਖਿਮ `ਚ ਨਾ ਫਸੇ।


ਪੰਜਾਬ ਦੀ ਗੱਲ ਕੀਤੀ ਜਾਏ ਤਾਂ ਇੱਥੇ ਫ਼ਰਾਡ ਟਰੈਵਲ ਏਜੰਟਾਂ ਦੀ ਭਰਮਾਰ ਹੈ। ਇਹ ਟਰੈਵਲ ਏਜੰਟ ਨੌਜਵਾਨਾਂ ਨੂੰ ਬਾਹਰ ਜਾਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਹਨ। ਫ਼ਿਰ ਬਾਅਦ `ਚ ਉਨ੍ਹਾਂ ਦੀ ਜਾਨ ਨੂੰ ਜੋਖਿਮ `ਚ ਪਾ ਕੇ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ `ਚ ਭੇਜਦੇ ਹਨ।