ਦੱਖਣੀ ਅਫ਼ਰੀਕੀ ਦੇਸ਼ ਜ਼ਿੰਬਾਬਵੇ ਇਨ੍ਹੀਂ ਦਿਨੀਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਹਿੰਗਾਈ ਆਪਣੇ ਸਿਖਰ 'ਤੇ ਹੈ। ਜੂਨ 'ਚ ਮਹਿੰਗਾਈ ਦਰ 192 ਫ਼ੀਸਦੀ 'ਤੇ ਪਹੁੰਚ ਗਈ ਸੀ, ਜੋ ਕਿ ਸਭ ਤੋਂ ਵੱਧ ਹੈ। ਯੂਕਰੇਨ-ਰੂਸ ਜੰਗ ਨੇ ਇਸ ਨੂੰ ਹੋਰ ਵੀ ਪ੍ਰਭਾਵਿਤ ਕੀਤਾ ਹੈ। ਜੰਗ ਕਾਰਨ ਵਸਤੂਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇੱਥੇ ਬੈਂਕਾਂ ਦੀ ਹਾਲਤ ਵੀ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਸਾਰਾ ਸਿਸਟਮ ਹੀ ਦਮ ਤੋੜ ਰਿਹਾ ਹੈ। ਰਿਪੋਰਟਾਂ ਮੁਤਾਬਕ ਬੈਂਕਾਂ 'ਚ ਨਿਵੇਸ਼ ਕਰਨ ਵਾਲੇ ਲੋਕਾਂ ਦੀ ਦੋ ਦਹਾਕਿਆਂ 'ਚ ਜਮ੍ਹਾ ਰਾਸ਼ੀ ਖਤਮ ਹੋ ਗਈ ਹੈ। ਅਜਿਹੇ 'ਚ ਲੋਕਾਂ ਕੋਲ ਨਿਵੇਸ਼ ਕਰਨ ਲਈ ਬਹੁਤ ਸਾਰੇ ਵਿਕਲਪ ਨਹੀਂ ਬਚੇ ਹਨ।
ਲੋਕ ਸੁਰੱਖਿਅਤ ਨਿਵੇਸ਼ ਦੇ ਮੌਕੇ ਲੱਭ ਰਹੇ ਹਨ। ਜ਼ਿੰਬਾਬਵੇ 'ਚ ਇਹ ਸਥਿਤੀ ਅਚਾਨਕ ਨਹੀਂ ਆਈ ਹੈ। ਇੱਥੇ ਦੋ ਦਹਾਕਿਆਂ ਤੋਂ ਮਹਿੰਗਾਈ ਦਰ ਡਿੱਗ ਰਹੀ ਹੈ। ਲੋਕਾਂ ਦਾ ਇੱਥੋਂ ਦੀ ਕਰੰਸੀ ਤੋਂ ਭਰੋਸਾ ਉੱਠ ਗਿਆ ਹੈ। ਅਜਿਹੇ 'ਚ ਲੋਕਾਂ ਨੇ ਅਮਰੀਕੀ ਡਾਲਰ ਵੀ ਰੱਖਣੇ ਸ਼ੁਰੂ ਕਰ ਦਿੱਤੇ ਹਨ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਕਈ ਦੁਕਾਨਦਾਰ ਲੋਕਲ ਕਰੰਸੀ ਲੈਣ ਤੋਂ ਇਨਕਾਰ ਕਰ ਰਹੇ ਹਨ। ਅਜਿਹੇ 'ਚ ਬਦਲ ਵਜੋਂ ਕੇਂਦਰੀ ਬੈਂਕ ਨੇ ਇੱਥੇ ਸੋਨੇ ਦਾ ਸਿੱਕਾ ਲਾਂਚ ਕੀਤਾ ਹੈ। ਇਸ ਦੌਰਾਨ ਲੋਕਾਂ ਦਾ ਜ਼ੋਰ ਹੈ ਕਿ ਅਜਿਹੀ ਥਾਂ 'ਤੇ ਨਿਵੇਸ਼ ਕੀਤਾ ਜਾਵੇ ਜੋ ਸੁਰੱਖਿਅਤ ਹੋਵੇ।
ਧੜਾਧੜ ਗਾਵਾਂ ਖਰੀਦਣ ਲੱਗੇ ਲੋਕ
ਜ਼ਿੰਬਾਬਵੇ 'ਚ ਲੋਕ ਵਿਗੜ ਰਹੇ ਹਾਲਾਤਾਂ 'ਚ ਪਸ਼ੂਆਂ ਵਿੱਚ ਨਿਵੇਸ਼ ਕਰ ਰਹੇ ਹਨ। ਆਪਣੀ ਰਿਪੋਰਟ 'ਚ ਸਿਲਵਰਬੈਂਕ ਅਸੈਟ ਮੈਨੇਜਰਸ ਦੇ ਸੀਈਓ, ਟੇਡ ਐਡਵਰਡਸ ਦੇ ਹਵਾਲੇ ਤੋਂ ਡਾਈਸ਼ ਵੇਲੇ ਨੇ ਕਿਹਾ ਕਿ ਗਾਵਾਂ ਨਿਵੇਸ਼ ਲਈ ਇੱਕ ਸੁਰੱਖਿਅਤ ਆਪਸ਼ਨ ਹਨ। ਉਨ੍ਹਾਂ ਦੀ ਕੰਪਨੀ ਪਸ਼ੂਆਂ 'ਤੇ ਅਧਾਰਤ ਇਕ ਯੂਨਿਟ ਟਰੱਸਟ ਹੈ। ਉਹ ਕਹਿੰਦੇ ਹਨ ਕਿ ਕੁਝ ਅਸੈਟ ਮੈਨੇਜਮੈਂਟ ਕੰਪਨੀਆਂ ਪਸ਼ੂਆਂ 'ਚ ਨਿਵੇਸ਼ ਕਰਕੇ ਪੈਸਾ ਕਮਾਉਣ ਦੇ ਰਵਾਇਤੀ ਤਰੀਕੇ ਲੈ ਕੇ ਆਈਆਂ ਹਨ।
ਉਦਾਹਰਨ ਲਈ ਐਡਵਰਡਸ ਕੰਪਨੀ ਨੇ ਮੋਂਬੇ ਮਾਰੀ ਨਾਂਅ ਤੋਂ ਇਕ ਯੂਨਿਟ ਟਰੱਸਟ ਨਿਵੇਸ਼ ਫੰਡ ਬਣਾਇਆ ਹੈ। ਇਸ 'ਚ ਨਿਵੇਸ਼ ਕਰਨ ਲਈ ਲੋਕ ਸਥਾਨਕ ਮੁਦਰਾ ਦੀ ਵਰਤੋਂ ਵੀ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਯੁੱਗ 'ਚ ਗਾਵਾਂ ਵਿੱਚ ਨਿਵੇਸ਼ ਕਰਨਾ ਲੋਕਾਂ ਲਈ ਲਾਹੇਵੰਦ ਸੌਦਾ ਸਾਬਤ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ 'ਚ ਪਸ਼ੂਆਂ ਵਿੱਚ ਨਿਵੇਸ਼ ਨੇ ਵੀ ਮਹਿੰਗਾਈ ਦੇ ਝਟਕਿਆਂ ਨੂੰ ਬਰਦਾਸ਼ਤ ਕਰਕੇ ਵਿਖਾਇਆ ਹੈ।
ਪਸ਼ੂਆਂ 'ਚ ਨਿਵੇਸ਼ ਤੋਂ 'ਵਿਆਜ'
ਜ਼ਿੰਬਾਬਵੇ ਦਾ ਵੱਡਾ ਹਿੱਸਾ ਪਸ਼ੂ ਪਾਲਣ ਲਈ ਜਾਣਿਆ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਸ਼ੂਆਂ 'ਚ ਨਿਵੇਸ਼ ਕਰਨਾ ਉਨ੍ਹਾਂ ਲਈ ਕਦੇ ਵੀ ਘਾਟੇ ਦਾ ਸੌਦਾ ਸਾਬਤ ਨਹੀਂ ਹੋਇਆ। ਪਸ਼ੂਆਂ ਤੋਂ ਦੁੱਧ, ਗੋਬਰ ਆਦਿ ਹੀ ਨਹੀਂ ਮਿਲਦਾ, ਸਗੋਂ ਕੀਮਤ ਵਧਣ 'ਤੇ ਵੇਚਣ ਦਾ ਵੀ ਵਧੀਆ ਆਪਸ਼ਨ ਹੈ। ਮਹਿੰਗਾਈ ਦੇ ਦੌਰ 'ਚ ਵੀ ਪਸ਼ੂ ਆਪਣੀ ਕੀਮਤ ਬਰਕਰਾਰ ਰੱਖਦੇ ਹਨ। ਬਰੀਡਿੰਗ ਦੇ ਨਾਲ ਹੀ ਪਸ਼ੂਆਂ ਦੀ ਕੀਮਤ ਵੱਧ ਜਾਂਦੀ ਹੈ। ਮਤਲਬ ਹਰ ਸਾਲ ਔਸਤਨ ਇੱਕ ਵੱਛਾ ਪੈਦਾ ਹੁੰਦਾ ਹੈ। ਇਹ ਮੌਜੂਦਾ ਸਮੇਂ 'ਚ ਬੈਂਕਾਂ ਦੇ ਵਿਆਜ ਨਾਲੋਂ ਵੱਧ ਹੈ।
ਲੋਕ ਸਮੂਹਾਂ 'ਚ ਪਸ਼ੂ ਖਰੀਦ ਸਕਦੇ ਹਨ ਜਾਂ ਫਿਰ ਆਜ਼ਾਦ ਤੌਰ 'ਤੇ ਗਾਂ ਜਾਂ ਵੱਛੇ 'ਚ ਹਿੱਸੇਦਾਰੀ ਖਰੀਦ ਸਕਦੇ ਹਨ। ਜਦੋਂ ਗਾਂ ਇੱਕ ਵੱਛੇ ਨੂੰ ਜਨਮ ਦਿੰਦੀ ਹੈ ਤਾਂ ਇਸ ਦਾ ਗਾਹਕ ਦੇ ਪੋਰਟਫੋਲੀਓ 'ਚ ਉਸ ਦੀ ਕੀਮਤ ਵੀ ਜੁੜ ਜਾਵੇਗੀ। ਵੱਛੇ ਵੱਡੇ ਹੋ ਕੇ ਬਲਦ ਬਣ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ। ਇਸ ਪੈਸੇ ਨਾਲ ਫਿਰ ਤੋਂ ਇੱਕ ਗਾਂ ਖਰੀਦੀ ਜਾਂਦੀ ਹੈ, ਜੋ ਦੁਬਾਰਾ ਗਾਂ ਦੇ ਰੂਪ 'ਚ ਲਾਭ ਦਿੰਦੀ ਹੈ। ਨਿਵੇਸ਼ ਦਾ ਇਹ ਤਰੀਕਾ ਇੱਕ ਚੱਕਰੀ ਪ੍ਰਕਿਰਿਆ ਵਾਂਗ ਕੰਮ ਕਰਦਾ ਹੈ।
ਸੋਨੇ ਅਤੇ ਚਾਂਦੀ ਨਾਲੋਂ ਵਧੀਆ ਵਿਕਲਪ
ਕਿਸਾਨਾਂ ਦਾ ਮੰਨਣਾ ਹੈ ਕਿ ਸੋਨੇ-ਚਾਂਦੀ ਦੀ ਬਜਾਏ ਪਸ਼ੂਆਂ 'ਚ ਨਿਵੇਸ਼ ਕਰਨਾ ਵਧੀਆ ਆਪਸ਼ਨ ਹੈ। ਪਸ਼ੂਆਂ ਦੇ ਭਾਅ 'ਤੇ ਕੋਈ ਬਹੁਤਾ ਅਸਰ ਨਾ ਹੋਣ ਕਾਰਨ ਦੁੱਧ ਅਤੇ ਗੋਬਰ ਦੀ ਵੀ ਕਮਾਈ ਹੁੰਦੀ ਰਹਿੰਦੀ ਹੈ ਅਤੇ ਵਿਆਜ ਵਜੋਂ ਵੱਛੇ ਅਤੇ ਵੱਛੀ ਵੀ ਦਿੰਦੇ ਹਨ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਅਨੁਸਾਰ ਜ਼ਿੰਬਾਬਵੇ ਦੇ ਜੀਡੀਪੀ ਵਿੱਚ ਪਸ਼ੂਆਂ ਦਾ ਯੋਗਦਾਨ 35 ਤੋਂ 38 ਫ਼ੀਸਦੀ ਹੈ।