Punjab News: ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ 'ਚ ਘੁਟਾਲੇ ਦੇ ਮਾਮਲੇ ਵਿੱਚ ਭਗਵੰਤ ਮਾਨ ਸਰਕਾਰ ਘਿਰਦੀ ਜਾ ਰਹੀ ਹੈ। ਪ੍ਰੀਖਿਆ ਵਿੱਚ 22-22 ਲੱਖ ਰੁਪਏ ਦੇ ਕੇ ਨਕਲ ਕਰਨ ਦਾ ਖੁਲਾਸਾ ਹੋਣ ਮਗਰੋਂ ਵਿਰੋਧੀ ਧਿਰਾਂ ਨੇ ਸਰਕਾਰ ਉੱਪਰ ਤਿੱਖਾ ਹਮਲਾ ਬੋਲਿਆ ਹੈ। ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਕਲ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਂਦੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਸਮੁੱਚੇ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਕਰਵਾਈ ਜਾਵੇ।


ਉਨ੍ਹਾਂ ਕਿਹਾ ਕਿ ਬੇਸ਼ੱਕ ਵਿਜੀਲੈਂਸ ਵਿਭਾਗ ਵਲੋਂ ਇਸ ਮਾਮਲੇ 'ਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਇਸ ਮਾਮਲੇ ਦੇ ਤਾਰ ਉੱਪਰ ਤੱਕ ਜੁੜੇ ਹੋਏ ਹਨ ਤੇ ਇਸ ਸਾਜਿਸ਼ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਵੈਟਰਨਰੀ ਅਧਿਕਾਰੀਆਂ ਤੇ ਹੋਰਨਾਂ ਸਰਕਾਰੀ ਭਰਤੀਆਂ ਨੂੰ ਵੀ ਸ਼ੱਕ ਦੇ ਦਾਇਰੇ 'ਚ ਲਿਆਂਦੇ ਹੋਏ ਇਨ੍ਹਾਂ ਸਾਰੀਆਂ ਭਰਤੀਆਂ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।


ਉਧਰ, ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਵੱਲੋਂ ਕੀਤੀ ਨਾਇਬ ਤਹਿਸੀਲਦਾਰ ਦੀ ਭਰਤੀ 'ਚ ਬਹੁ ਕਰੋੜੀ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਜਾਂ ਫਿਰ ਇਸ ਦੀ ਨਿਆਂਇਕ ਜਾਂਚ ਕਰਵਾਈ ਜਾਵੇ ਕਿਉਂਕਿ ਇਸ ਮਾਮਲੇ ਵਿਚ ਪ੍ਰੀਖਿਆ ਪ੍ਰਕਿਰਿਆ ਵਿਚ ਗਲਤ ਕੰਮ ਕਰਨ ਦਾ ਖੁਲਾਸਾ ਕੁਝ ਹੇਠਲੇ ਪੱਧਰ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਹੋਇਆ ਹੈ।


ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਫਿਰ ਹਾਈਕੋਰਟ ਦੇ ਮÏਜੂਦਾ ਜੱਜ ਹਵਾਲੇ ਕਰਨ। ਉਨ੍ਹਾਂ ਕਿਹਾ ਕਿ 70 ਹਜ਼ਾਰ ਉਮੀਦਵਾਰ ਜੋ ਇਸ ਪ੍ਰੀਖਿਆ ਵਿਚ ਬੈਠੇ ਉਹ ਚਾਹੁੰਦੇ ਹਨ ਕਿ ਸਾਰੀ ਜਾਂਚ ਪਾਰਦਰਸ਼ੀ ਹੋਵੇ ਤੇ ਉਨ੍ਹਾਂ ਦੀ ਹੇਠਲੇ ਪੱਧਰ ਦੇ ਮੁਲਜ਼ਮਾਂ ਨੂੰ ਫੜ ਕੇ ਅੱਖਾਂ ਪੂੰਝਣ ਨਾਲ ਤਸੱਲੀ ਨਹੀਂ ਹੋਵੇਗੀ।


ਇਸੇ ਤਰ੍ਹਾਂ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਕਥਿਤ ਧੋਖਾਧੜੀ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਫੜਨ ਲਈ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਦੀ 'ਆਪ' ਸਰਕਾਰ ਦੇ ਕੁਝ ਵੱਡੇ ਲੋਕਾਂ ਜਾਂ ਕਿਸੇ ਸੀਨੀਅਰ ਨੌਕਰਸ਼ਾਹ ਦੀ ਇਸ ਕਥਿਤ ਰੈਕੇਟ 'ਚ ਭੂਮਿਕਾ 'ਤੇ ਸ਼ੱਕ ਕਰਦੇ ਹੋਏ ਬਾਜਵਾ ਨੇ ਦੋਸ਼ ਲਾਇਆ ਕਿ 'ਆਪ' ਸਰਕਾਰ ਦੇ ਕਿਸੇ ਵਿਅਕਤੀ ਜਾਂ ਕਿਸੇ ਸੀਨੀਅਰ ਨÏਕਰਸ਼ਾਹ ਦੀ ਮਿਲੀਭੁਗਤ ਤੋਂ ਬਿਨਾਂ ਹੀ ਅਜਿਹਾ ਸੋਚਿਆ-ਸਮਝਿਆ ਅਤੇ ਹਾਈਟੈੱਕ ਘੁਟਾਲਾ ਹੋਣਾ ਨਾਮੁਮਕਨ ਹੈ।