ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਦਿਲ ਉਦਾਸ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਉਹ ਪਾਰਟੀ ਵਿੱਚ ਪੈਦਾ ਹੋਏ ਮੌਜੂਦਾ ਸੰਕਟ ਤੋਂ ਦੁਖੀ ਹਨ। ਸੰਗਰੂਰ ਤੋਂ ਸੰਸਦ ਮੈਂਬਰ ਨੇ ਪਾਰਟੀ ਦੇ ਇਸ ਸੰਕਟ ਨੂੰ ਹੱਲ ਕਰਨ ਤੋਂ ਅਸਮਰੱਥਤਾ ਪ੍ਰਗਟਾਈ ਤੇ ਖਹਿਰਾ ਦੀ ਸ਼ਲਾਘਾ ਵੀ ਕੀਤੀ।


ਮਾਨ ਨੇ ਟਵੀਟ ਕੀਤਾ ਹੈ, "ਆਪਣੇ ਖ਼ੂਨ ਪਸੀਨੇ ਨਾਲ ਬਣਾਈ ਪਾਰਟੀ 'ਚ ਸੰਕਟ ਦੇਖਕੇ ਮਨ ਉਦਾਸ ਹੈ.. ਵਿਰੋਧੀ ਜ਼ਰੂਰ ਖੁਸ਼ ਹੁੰਦੇ ਹੋਣਗੇ। ਦੁੱਖ ਐ ਕਿ ਮੇਰੇ ਅਧਿਕਾਰ ਵਿੱਚ ਕੁਝ ਵੀ ਨਹੀਂ ਕਿਉਂਕਿ ਇਹ ਸਾਰਾ ਹੱਕ ਚੁਣੇ MLAs ਦਾ ਏ। ਖਹਿਰਾ ਸਾਹਬ ਮੇਰੇ ਵੱਡੇ ਭਰਾ ਨੇ ਤੇ ਬਹੁਤ ਬੇਖੌਫ ਤੇ ਬੇਬਾਕ ਨੇਤਾ ਨੇ ਮੈਨੂੰ ਉਮੀਦ ਐ ਕਿ ਓਹ ਸਾਰਿਆਂ ਨਾਲ ਮਿਲ ਕੇ ਸੰਕਟ ਦਾ ਹੱਲ ਕੱਢ ਲੈਣਗੇ।"

ਭਗਵੰਤ ਮਾਨ ਦੇ ਟਵੀਟ ਤੋਂ ਬਾਅਦ ਜਾਪਦਾ ਹੈ ਕਿ ਬੇਸ਼ੱਕ ਪਾਰਟੀ ਨੇ ਹਰਪਾਲ ਸਿੰਘ ਨੂੰ ਵਿਰੋਧੀ ਧਿਰ ਦਾ ਨਵਾਂ ਨੇਤਾ ਐਲਾਨ ਦਿੱਤਾ ਹੈ ਪਰ ਉਨ੍ਹਾਂ ਦੀ ਪਾਰਟੀ ਨੇ ਹੀ ਹਾਲੇ ਤਕ ਉਨ੍ਹਾਂ ਨੂੰ ਪ੍ਰਵਾਨ ਨਹੀਂ ਕੀਤਾ। ਖਹਿਰਾ ਨੂੰ ਹਟਾਏ ਜਾਣ ਤੋਂ ਬਾਅਦ ਪੰਜਾਬ 'ਆਪ' ਵਿੱਚ ਵੱਡਾ ਸੰਕਟ ਪੈਦਾ ਹੋ ਗਿਆ ਹੈ।


ਬੀਤੇ ਕੱਲ੍ਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਚੱਲ ਰਹੇ ਸੰਕਟ ਬਾਰੇ ਹੋਈ ਮੀਟਿੰਗ ਵੀ ਬੇਨਤੀਜਾ ਰਹੀ। ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨੇ ਮੀਟਿੰਗ ’ਚ ਹਾਜ਼ਰ ਸਾਰੇ ‘ਆਪ’ ਵਿਧਾਇਕਾਂ ਵੱਲੋਂ ਰੱਖੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਏ ਜਾਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਸੀ। ਸਿਸੋਦੀਆ ਨੇ ਕਿਹਾ ਕਿ ਪਾਰਟੀ ਵੱਲੋਂ ਲਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਮੀਟਿੰਗ ਕਰੀਬ 45 ਮਿੰਟਾਂ ਤਕ ਚੱਲੀ।


ਇਸ ਤੋਂ ਇਲਾਵਾ ਵਿਧਾਇਕਾਂ ਨੇ ਵੀ ਸਿਸੋਦੀਆ ਵੱਲੋਂ 2 ਅਗਸਤ ਨੂੰ ਬਠਿੰਡਾ ਵਿੱਚ ਹੋਣ ਵਾਲੀ ਕਾਨਫਰੰਸ ਮੁਲਤਵੀ ਕਰਨ ਦਾ ਸੁਝਾਅ ਰੱਦ ਕਰ ਦਿੱਤਾ। ਉੱਧਰ, ਡਾ. ਬਲਵੀਰ ਸਿੰਘ ਤੋਂ ਕੇਜਰੀਵਾਲ ਨੇ ਵੀ ਬੈਂਸ ਭਰਾਵਾਂ 'ਤੇ ਹੱਲਾ ਬੋਲਿਆ ਹੈ। ਉਨ੍ਹਾਂ ਬੈਂਸ ਭਰਾਵਾਂ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ। ਕੇਜਰੀਵਾਲ ਨੇ 'ਏਬੀਪੀ ਸਾਂਝਾ' ਦੇ ਉਸ ਟਵੀਟ ਨੂੰ ਰੀਟਵੀਟ ਕੀਤਾ ਜਿਸ ਵਿੱਚ ਬੈਂਸ ਨੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੂੰ ਪਾਰਟੀ ਦਾ 'ਪੱਪੂ' ਦੱਸਿਆ ਸੀ। ਪੰਜਾਬ 'ਆਪ' ਕਿੱਧਰ ਨੂੰ ਜਾਵੇਗੀ ਇਹ ਆਉਣ ਵਾਲੀ ਦੋ ਅਗਸਤ ਤੋਂ ਬਾਅਦ ਕੁਝ ਸਾਫ਼ ਹੋ ਸਕਦਾ ਹੈ।