ਨਵੀਂ ਦਿੱਲੀ: ਸੰਸਦ ਭਵਨ ਅੰਦਰ ਬਣਾਈ ਗਈ ਵੀਡੀਓ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਵਿਰੋਧੀ ਪਾਰਟੀਆਂ ਦੇ ਸਵਾਲਾਂ ਵਿੱਚ ਬੁਰੀ ਤਰ੍ਹਾਂ ਘਿਰ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਬੀਜੇਪੀ ਤੇ ਹੋਰ ਪਾਰਟੀਆਂ ਨੇ ਭਗਵੰਤ ਮਾਨ ਦੀ ਹਰਕਤ ਲਈ ਉਨ੍ਹਾਂ ਦੀ ਖ਼ੂਬ ਅਲੋਚਨਾ ਕੀਤੀ। ਸੰਸਦ ਵਿੱਚ ਸ਼ੁੱਕਰਵਾਰ ਨੂੰ ਇਸ ਮੁੱਦੇ ਉੱਤੇ ਖ਼ੂਬ ਹੰਗਾਮਾ ਹੋਇਆ। ਹੰਗਾਮੇ ਦੇ ਕਾਰਨ ਸੰਸਦ ਨੂੰ ਕੁਝ ਸਮੇਂ ਲਈ ਮੁਲਤਵੀ ਵੀ ਕਰਨਾ ਪਿਆ।
ਵਿਰੋਧੀ ਪਾਰਟੀਆਂ ਵੱਲੋਂ ਇਸ ਨੂੰ ਸੰਸਦ ਦੀ ਸੁਰੱਖਿਆ ਨਾਲ ਖਿਲਵਾੜ ਦੱਸਿਆ ਜਾ ਰਿਹਾ ਹੈ। ਲੋਕ ਸਭਾ ਦੇ ਸਪੀਕਰ ਸੁਮਿੱਤਰਾ ਮਹਾਜਨ ਨੇ ਭਗਵੰਤ ਮਾਨ ਨੂੰ ਬੁਲਾਇਆ ਤੇ ਉਨ੍ਹਾਂ ਲੋਕਾਂ ਨੂੰ ਯਾਦ ਕਰਨ ਲਈ ਆਖਿਆ ਜਿਨ੍ਹਾਂ ਨੇ ਸੰਸਦ ਹਮਲੇ ਦੌਰਾਨ ਸੁਰੱਖਿਆ ਲਈ ਸ਼ਹਾਦਤ ਦਿੱਤੀ ਸੀ। ਆਪਣੀ ਇਸ ਹਰਕਤ ਲਈ ਭਗਵੰਤ ਮਾਨ ਬਿਨਾ ਸ਼ਰਤ ਮੁਆਫ਼ੀ ਮੰਗ ਸਕਦੇ ਹਨ।
ਇਸ ਮੁੱਦੇ ਉੱਤੇ ਬੋਲਦਿਆਂ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਭਗਵੰਤ ਮਾਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਫਿਰ ਤੋਂ ਉਨ੍ਹਾਂ ਇਹ ਹਰਕਤ ਕੀਤੀ ਤਾਂ ਉਹ ਜੇਲ੍ਹ ਜਾਣਗੇ। ਨਕਵੀ ਨੇ ਆਖਿਆ ਕਿ ਚੋਰੀ ਵੀ ਤੇ ਸੀਨਾ ਚੋਰੀ ਨਹੀਂ ਚੱਲੇਗੀ। ਉਨ੍ਹਾਂ ਆਖਿਆ ਦਹਿਸ਼ਤਗਰਦ ਸੁਰੱਖਿਆ ਦੀ ਹਰ ਜਾਣਕਾਰੀ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਉਨ੍ਹਾਂ ਲਈ ਸਹਾਈ ਸਿੱਧ ਹੋ ਸਕਦੀ। ਉਨ੍ਹਾਂ ਆਖਿਆ ਕਿ ਅਜਿਹੀ ਵੀਡੀਓ ਬਣਾਉਣਾ ਬਹੁਤ ਹੀ ਖ਼ਤਰਨਾਕ ਹੈ।
ਦੂਜੇ ਪਾਸੇ ਬੀਜੀਪੀ ਤੋਂ ਸਭਾ ਮੈਂਬਰ ਮੀਨਾਕਸ਼ੀ ਲੇਖੀ ਨੇ ਆਖਿਆ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਭਗਵੰਤ ਮਾਨ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ। ਲੇਖੀ ਨੇ ਆਖਿਆ ਹੈ ਕਿ ਇਹ ਕੰਮ ਮੂਰਖਤਾਵੱਸ ਜਾਂ ਫਿਰ ਗੈਰ ਜ਼ਿੰਮੇਵਾਰ ਤਾਕਤਾਂ ਦੇ ਇਸ਼ਾਰੇ ਉੱਤੇ ਹੋਇਆ ਹੈ। ਉਨ੍ਹਾਂ ਆਖਿਆ ਸੰਸਦ ਵਿੱਚ ਜੋ ਲੋਕ ਆਉਂਦੇ ਹਨ ਉਨ੍ਹਾਂ ਨੂੰ ਕੈਮਰਾ ਜਾ ਪੈੱਨ ਡਰਾਈਵ ਲੈ ਕੇ ਆਉਣ ਦੀ ਆਗਿਆ ਨਹੀਂ ਹੈ। ਇਸ ਦੇ ਨਾਲ ਹੀ ਜਨਤਾ ਦਲ ਯੂਨਾਈਟਿਡ ਦੇ ਸਾਂਸਦ ਕੇਸੀ ਤਿਆਗੀ ਨੇ ਆਖਿਆ ਹੈ ਕਿ ਉਸ ਪੂਰੇ ਮਾਮਲੇ ਉੱਤੇ ਭਗਵੰਤ ਮਾਨ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਲੋਕ ਸਭਾ ਦੇ ਸਪੀਕਰ ਤੇ ਪ੍ਰਧਾਨ ਮੰਤਰੀ ਨੂੰ ਪੂਰੇ ਮਾਮਲੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਵੀ ਕੀਤੀ।