Punjab Government: ਵਿਦੇਸ਼ਾਂ ਵਿੱਚ ਵੱਸਣ ਵਾਲੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ 'ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ (AAP) ਸਰਕਾਰ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਡਿਪਟੀ ਡਾਇਰੈਕਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਇਸ ਸਮੇਂ ਕੈਨੇਡਾ ਵਿੱਚ ਹਨ ਅਤੇ ਉੱਥੋਂ ਦੇ ਪੱਕੇ ਨਾਗਰਿਕ ਬਣ ਗਏ ਹਨ। ਸਿੰਗਲਾ ਤੋਂ ਇਲਾਵਾ 130 ਦੇ ਕਰੀਬ ਅਧਿਕਾਰੀ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਰਡਾਰ 'ਤੇ ਹਨ। ਇਹ ਸਾਰੇ ਵਿਦੇਸ਼ ਵਿੱਚ ਵਸ ਗਏ ਹਨ।
ਸੇਵਾ ਨਿਯਮਾਂ ਦਾ ਹਵਾਲਾ ਦਿੱਤਾ ਗਿਆ- ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਨੂੰ ਪੰਜਾਬ ਸਿਵਲ ਸਰਵਿਸ ਰੂਲਜ਼ ਦੀ ਉਲੰਘਣਾ ਕਰਨ 'ਤੇ ਬਰਖਾਸਤ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਸਿੰਗਲਾ ਨੇ ਨਿਯਮਾਂ 8 ਅਤੇ 10 ਦੀ ਉਲੰਘਣਾ ਕਰਕੇ ਕੈਨੇਡਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਪੀ.ਆਰ. ਲੈ ਲਈ ਹੈ।
ਮਸ਼ਹੂਰ ਟੈਂਡਰ ਘੁਟਾਲੇ ਦਾ ਵੀ ਦੋਸ਼- ਰਾਕੇਸ਼ ਸਿੰਗਲਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵਜੋਂ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਰਹੇ ਹਨ। ਸੂਤਰਾਂ ਅਨੁਸਾਰ ਵਿਭਾਗ ਦੇ ਟੈਂਡਰ ਵਿੱਚ ਸਿੰਗਲਾ ਦਾ ਫੈਸਲਾ ਅੰਤਿਮ ਸੀ। ਜਦੋਂ ਟੈਂਡਰ ਵਿੱਚ ਘਪਲੇ ਦੀ ਸ਼ਿਕਾਇਤ ਆਈ ਤਾਂ ਉਸ ਤੋਂ ਬਾਅਦ ਸਿੰਗਲਾ ਦਫ਼ਤਰ ਵਿੱਚ ਹਾਜ਼ਰ ਨਹੀਂ ਹੋਏ।
20 ਵਿਭਾਗਾਂ ਦੇ 130 ਅਧਿਕਾਰੀ ਰਾਡਾਰ 'ਤੇ- ਪੰਜਾਬ ਵਿੱਚ 20 ਦੇ ਕਰੀਬ ਵਿਭਾਗਾਂ ਦੇ 130 ਅਧਿਕਾਰੀ ਅਜਿਹੇ ਹਨ ਜੋ ਵਿਦੇਸ਼ਾਂ ਵਿੱਚ ਵੱਸ ਗਏ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਵਿਦੇਸ਼ ਦੀ ਸਥਾਈ ਨਾਗਰਿਕਤਾ ਵੀ ਲੈ ਲਈ ਹੈ। ਵਿਜੀਲੈਂਸ ਬਿਊਰੋ ਨੇ ਇਨ੍ਹਾਂ ਦੀ ਸੂਚੀ ਤਿਆਰ ਕਰਕੇ ਸਰਕਾਰ ਨੂੰ ਭੇਜ ਦਿੱਤੀ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਵੇਲੇ ਇਹ ਅਹਿਦ ਕੀਤਾ ਸੀ ਕਿ ਸੂਬੇ ਦੇ ਲੋਕਾਂ ਨੂੰ ਇੱਕ ਸਾਫ ਸੁਥਰਾ ਅਤੇ ਸੁਚੱਜਾ ਪ੍ਰਸ਼ਾਸਨ ਮੁਹੱਈਆ ਕਰਵਾਇਆ ਜਾਵੇਗਾ। ਇਸ ਵਿੱਚ ਕੋਈ ਵੀ ਕੁਤਾਹੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨਾਲ ਛੇੜਛਾੜ ਸਹਿਣ ਨਹੀਂ ਕੀਤੀ ਜਾਵੇਗੀ। ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਕੱਲ੍ਹ ਇੱਕ ਅਧਿਕਾਰੀ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਨੂੰ ਆਪਣੇ ਫਰਜ਼ ਵਿੱਚ ਕੁਤਾਹੀ ਕਰਨ ਅਤੇ ਜ਼ਰੂਰੀ ਤੱਥ ਲੁਕਾਉਣ ਕਾਰਨ ਬਰਖ਼ਾਸਤ ਕਰ ਦਿੱਤਾ ਗਿਆ ਹੈ।