Bhagwant Mann's oath ceremony: ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਅਹੁਦੇ ਦੀ ਸਹੁੰ ਚੁੱਕ ਰਹੇ ਹਨ। ਉਨ੍ਹਾਂ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਮਾਗਮ ਵਿੱਚ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਨਾਲ ਪਹੁੰਚਣ। ਭਗਵੰਤ ਮਾਨ ਦੇ ਐਲਾਨ ਮਗਰੋਂ ਕੱਪੜਿਆਂ ਦੀਆਂ ਦੁਕਾਨਾਂ ਉੱਪਰ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਖਰੀਦਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ।



ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਮੁੰਡੇ-ਕੁੜੀਆਂ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਖਰੀਦ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕਦਮ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਦੀ ਮੰਗ ਵਧ ਗਈ ਹੈ।

ਨੌਜਵਾਨਾਂ ਵਿੱਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਕੱਪੜਿਆਂ ਦੀ ਦੁਕਾਨਾਂ ’ਤੇ ਬੈਠੇ ਨੌਜਵਾਨਾਂ ਨੇ ਦੱਸਿਆ ਕਿ ਉਹ ਬਸੰਤੀ ਰੰਗ ਦੀਆਂ ਪੱਗਾਂ ਲੈਣ ਆਏ ਹਨ ਤੇ ਉਨ੍ਹਾਂ ਦੇ ਹੋਰ ਕਈ ਸਾਥੀਆਂ ਨੇ ਉਨ੍ਹਾਂ ਨੂੰ ਪੱਗਾਂ ਦੇ ਪੈਸੇ ਫੜਾਏ ਹਨ।

ਹਾਸਲ ਜਾਣਕਾਰੀ ਮੁਤਾਬਕ 16 ਮਾਰਚ ਨੂੰ ਭਗਵੰਤ ਮਾਨ ਇਕੱਲੇ ਹੀ ਸਹੁੰ ਚੁੱਕਣਗੇ, ਜਦਕਿ ਬਾਕੀ ਮੰਤਰੀ ਮੰਡਲ ਨੂੰ ਬਾਅਦ 'ਚ ਸਹੁੰ ਚੁਕਾਈ ਜਾਵੇਗੀ। ਸੂਤਰਾਂ ਮੁਤਾਬਕ ਪਾਰਟੀ ਨੇ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਹੁੰ ਚੁੱਕ ਸਮਾਗਮ ਲਈ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀਅਤੇ ਕਿਸੇ ਵੱਡੇ ਆਗੂ ਨੂੰ ਸੱਦਾ ਨਹੀਂ ਦਿੱਤਾ। ਸਮਾਗਮ ਵਿੱਚ ਸਿਰਫ਼ ਪਾਰਟੀ ਆਗੂ, ਵਰਕਰ ਤੇ ਆਮ ਲੋਕ ਹੀ ਰਹਿਣਗੇ।

ਸਹੁੰ ਚੁੱਕ ਸਮਾਗਮ ਵਿੱਚ ਆਮ ਲੋਕਾਂ ਨੂੰ ਸੱਦਾ ਦੇਣ ਲਈ ਭਗਵੰਤ ਮਾਨ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਰੇ ਲੋਕ 16 ਤਰੀਕ ਨੂੰ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਦਿਨ ਸਿਰਫ਼ ਭਗਵੰਤ ਮਾਨ ਹੀ ਨਹੀਂ ਬਲਕਿ ਪੰਜਾਬ ਦਾ ਹਰ ਵਿਅਕਤੀ ਮੁੱਖ ਮੰਤਰੀ ਬਣੇਗਾ ਤੇ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਭਗਤ ਸਿੰਘ ਪੀਲੀ ਪੱਗ ਬੰਨ੍ਹਦਾ ਸੀ, ਉਸੇ ਤਰ੍ਹਾਂ ਹਰ ਕੋਈ ਪੀਲੀ ਪੱਗ ਬੰਨ੍ਹ ਕੇ ਪੁੱਜੇ।