ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਧਾਨ ਸਭਾ ਦੇ ਅੰਦਰ ਆਪਣੇ ਭਾਸ਼ਣ ਦੌਰਾਨ ਸਵਾਲ ਕੀਤਾ ਕਿ ਕਾਂਗਰਸ ਆਪਣੇ ਸੰਭਾਵਿਤ ਮੁੱਖ ਮੰਤਰੀ ਦਾ ਚਿਹਰਾ ਤਾਂ ਵਿਖ਼ਾਵੇ, ਉਹ ਹੈ ਕਿੱਥੇ?


ਮਾਨ ਨੇ ਭਰੋਸਾ ਮਤ ਹਾਸਿਲ ਕਰਨ ਬਾਰੇ ਦਿੱਤੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ ਉਹ ਚੰਨੀ ਤੋਂ ਉਨ੍ਹਾਂ ਦੇ ਕਾਰਜਕਾਲ ਵਿੱਚ ਲਏ ਗਏ ਬਹੁਤ ਸਾਰੇ ਵਿਵਾਦਿਤ ਫ਼ੈਸਲਿਆਂ ਬਾਰੇ ਜਾਣਕਾਰੀ ਹਾਸਿਲ ਕਰਨਾ ਚਾਹੁੰਦੇ ਹਨ।


ਉਨ੍ਹਾਂ ਕਿਹਾ ਕਿ ਇਹ ਕੋਈ ਪਾਕਿਸਤਾਨ ਥੋੜ੍ਹਾ ਹੈ ਕਿ ਜਾਂ ਵਿਦੇਸ਼ ਭੱਜ ਜਾਉ ਜਾਂ ਫ਼ਿਰ ਫ਼ਾਂਸੀ ਚੜ੍ਹਾ ਦਿੱਤੇ ਜਾਉ। ਮਾਨ ਨੇ ਆਖ਼ਿਆ ਕਿ ਹੁਣ ਚੰਨੀ ਬਾਰੇ ਕੋਈ ਕਹਿੰਦਾ ਹੈ ਕਿ ਉਹ ਕਨੇਡਾ ਹਨ ਅਤੇ ਕੋਈ ਕਹਿੰਦਾ ਹੈ ਕਿ ਉਹ ਅਮਰੀਕਾ ਹਨ।


ਉਨ੍ਹਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਕੁਝ ਗ਼ਲਤ ਕੀਤਾ ਹੈ, ਤਾਂ ਹੀ ਸਰਕਾਰ ਜਾਂਦਿਆਂ ਹੀ ਭੱਜ ਗਏ। ਮਾਨ ਨੇ ਕਿਹਾ ਕਿ ਜਦ ਉਹ ਅਫ਼ਸਰਾਂ ਨੂੰ ਪੁੱਛਦੇ ਹਨ ਕਿ ਇਹ ਫ਼ਾਈਲਾਂ ਕਿਵੇਂ ਹਨ ਤਾਂ ਉਹ ਕਹਿੰਦੇ ਹਨ ਕਿ ਮੁੱਖ ਮੰਤਰੀ ਨੇ ਆਪ ਦਸਤਖ਼ਤ ਕੀਤੇ ਹਨ।


ਕਾਂਗਰਸ ’ਤੇ ਵੱਡਾ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਕਾਂਗਰਸੀ ਉਨੀ ਦੇਰ ਹੀ ਇਮਾਨਦਾਰ ਹਨ ਜਿੰਨੀ ਦੇਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਦਾ। ਪ੍ਰਤਾਪ ਸਿੰਘ ਬਾਜਵਾ ’ਤੇ ਵੀ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਪੂਰੀ ਨਹੀਂ ਹੋਈ ਅਤੇ ਉਮਰ ਲੰਘੀ ਜਾਂਦੀ ਹੈ ਤਾਂ ਇਸ ਵਿੱਚ ਸਾਡਾ ਕੀ ਕਸੂਰ ਹੈ? ਉਨ੍ਹਾਂ ਕਿਹਾ ਕਿ ਬਾਜਵਾ ਵੱਲੋਂ ‘ਅਪ੍ਰੇਸ਼ਨ ਲੋਟਸ’ ਦੇ ਸਫ਼ਲ ਨਾ ਹੋਣ ਦਾ ਕੁਝ ਜ਼ਿਆਦਾ ਹੀ ਦੁੱਖ ਹੋ ਰਿਹਾ ਹੈ।


ਉਨ੍ਹਾਂ ਕਿਹਾ ਕਿ ਇਸ ਵੇਲੇ ਕਾਂਗਰਸ ਦਾ ਹਾਲ ਇਹ ਹੈ ਕਿ ਪਾਰਟੀ ਦੇ 9 ਮੁੱਖ ਮੰਤਰੀ ਭਾਜਪਾ ਵਿੱਚ ਜਾ ਚੁੱਕੇ ਹਨ ਅਤੇ ਹਰ ਰੋਜ਼ ਕਾਂਗਰਸੀ ਭਾਜਪਾ ਵਿੱਚ ਜਾ ਰਹੇ ਹਨ। ਉਨ੍ਹਾਂ ਆਖ਼ਿਆ ਕਿ ਹਾਲ ਇਹ ਹੋ ਗਿਆ ਹੈ ਕਿ ਕੌਮੀ ਪਾਰਟੀ ਦਾ ਕੋਈ ਕੌਮੀ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹੈ ਅਤੇ ਅਸ਼ੋਕ ਗਹਿਲੋਤ ਵੀ ਨਾਂਹ ਕਰ ਗਏ ਹਨ।


ਕਾਂਗਰਸ ’ਤੇ ਦੇਸ਼ ਭਰ ਵਿੱਚ ਭਾਜਪਾ ਨਾਲ ਰਲੇ ਹੋਣ ਦਾ ਦੋਸ਼ ਲਾਉਂਦਿਆਂ ਮਾਨ ਨੇ ਕਿਹਾ ਕਿ ਹੁਣ ਕਾਂਗਰਸ ਭਾਜਪਾ ਨੂੰ ਜਗ੍ਹਾ ਜਗ੍ਹਾ ਸੱਤਾ ਵਿੱਚ ਲਿਆਉਣ ਲਈ ਭਾਜਪਾ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ 170 ਦਿਨ ਦੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿੱਚ ਗੁਜਰਾਤ ਅਤੇ ਹਿਮਾਚਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਉੱਥੇ ਭਾਜਪਾ ਨੂੰ ‘ਆਮ ਆਦਮੀ ਪਾਰਟੀ’ ਤੋਂ ਖ਼ਤਰਾ ਹੈ ਅਤੇ ਕਾਂਗਰਸ ਭਾਜਪਾ ਦੇ ਕਹਿਣ ’ਤੇ ਉੱਥੇ ‘ਆਪ’ ਨੂੰ ਰੋਕਣ ਲਈ ਭਾਜਪਾ ਦੀ ਮਦਦ ਕਰ ਰਹੀ ਹੈ।