Punjab News: ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਕੀਤੇ ਕੇਸ ਦੇ ਮਾਮਲੇ 'ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਪਟਿਆਲਾ ਜੇਲ੍ਹ ਤੋਂ ਲੁਧਿਆਣਾ ਕੋਰਟ ਵਿੱਚ ਪੇਸ਼ ਨਾ ਕੀਤੇ ਜਾਣ ਦੇ ਮਾਮਲੇ 'ਚ ਪਟਿਆਲਾ ਜੇਲ੍ਹ ਦੇ ਸੁਪਰੀਡੈਂਟ ਖਿਲਾਫ ਅਦਾਲਤ ਵੱਲੋਂ ਜ਼ਮਾਨਤੀ ਵਰੰਟ ਜਾਰੀ ਕੀਤੇ ਗਏ ਹਨ।
ਇਹ ਵਰੰਟ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਸੁਮੀਤ ਮੱਕੜ ਵੱਲੋਂ ਜਾਰੀ ਕੀਤੇ ਗਏ ਹਨ। ਇਸ ਮਾਮਲੇ ਵਿੱਚ ਨਵਜੋਤ ਸਿੱਧੂ ਵੱਲੋਂ ਆਪਣੀ ਅਰਜ਼ੀ ਹੁਣ ਹਾਈਕੋਰਟ ਵਿੱਚ ਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਸਿੱਧੂ ਦੇ ਵਕੀਲ ਨੇ ਫੋਨ ਤੇ ਪੁਸ਼ਟੀ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਆਪਣਾ ਫੈਸਲਾ ਪਹਿਲਾਂ ਹੀ ਸੁਣਾ ਚੁੱਕੀ ਹੈ ਤੇ ਅਸੀਂ ਹੁਣ ਇਸ ਮਾਮਲੇ ਵਿੱਚ ਰਾਹਤ ਲਈ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕਰਨਗੇ। ਸਿੱਧੂ ਦੇ ਇਸ ਕੇਸ ਵਿੱਚ ਗਵਾਹੀ ਸਰੀਰਕ ਤੌਰ ਤੇ ਨਾ ਪਹੁੰਚ ਕੇ ਵੀਡੀਓ ਕਾਨਫਰੰਸ ਰਾਹੀਂ ਦੇਣ ਦੀ ਅਦਾਲਤ ਅੱਗੇ ਅਰਜ਼ੀ ਲਾਈ ਸੀ। ਇਸ ਨੂੰ 19 ਸਤੰਬਰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਸਿੱਧੂ ਨੇ ਆਪਣੀ ਖਰਾਬ ਸਿਹਤ ਦਾ ਅਰਜ਼ੀ ਵਿੱਚ ਹਵਾਲਾ ਦਿੱਤਾ ਸੀ।
ਡੀਐਸਪੀ ਸੇਖੋਂ ਨੇ ਸਿੱਧੂ ਨੂੰ ਇਸ ਮਾਮਲੇ ਵਿੱਚ ਮੁੱਖ ਗਵਾਹ ਦੇ ਰੂਪ ਵਿੱਚ ਪੇਸ਼ ਕਰਵਾਉਣ ਲਈ ਅਪੀਲ ਅਦਾਲਤ ਵਿੱਚ ਕੀਤੀ ਸੀ ਕਿਉਂਕਿ ਉਸ ਵੇਲੇ ਨਵਜੋਤ ਸਿੱਧੂ ਹੀ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੀ। ਬਲਵਿੰਦਰ ਸੇਖੋਂ ਉਹੀ ਅਧਿਕਾਰੀ ਹਨ ਜਿੰਨਾ ਦੀ ਇੱਕ ਆਡੀਓ ਕਾਲ ਉਦੋਂ ਖੂਬ ਚਰਚਾ ਵਿੱਚ ਰਹੀ ਸੀ, ਜਦੋਂ ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਸੀ ਤੇ ਸੇਖੋਂ ਤੇ ਕਾਰਵਾਈ ਕਰਦਿਆਂ ਉਸ ਦੇ ਸੇਵਾ ਮੁਕਤ ਹੋਣ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਵਿੱਚ ਜਦੋਂ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਬਾਅਦ ਸੇਖੋਂ ਵੱਲੋਂ ਆਜ਼ਾਦ ਤੌਰ 'ਤੇ ਆਸ਼ੂ ਦੇ ਖਿਲਾਫ ਅਦਾਲਤ 'ਚ ਕੇਸ ਦਰਜ ਕੀਤਾ ਸੀ।