Punjab News : ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਸਮਾਂ ਵਧਾਇਆ ਗਿਆ ਹੈ ਤੇ ਹੁਣ ਸੈਸ਼ਨ 3 ਅਕਤੂਬਰ ਤੱਕ ਚੱਲੇਗਾ। 29 ਅਤੇ 30 ਸਤੰਬਰ ਨੂੰ ਸੈਸ਼ਨ ਦੀ ਕਾਰਵਾਈ ਤੋਂ ਬਾਅਦ 1 ਅਤੇ 2 ਅਕਤੂਬਰ ਨੂੰ ਛੁੱਟੀ ਰਹੇਗੀ ਅਤੇ ਇਸ ਤੋਂ ਬਾਅਦ 3 ਅਕਤੂਬਰ ਨੂੰ ਸੈਸ਼ਨ ਦਾ ਆਖਰੀ ਦਿਨ ਹੋਵੇਗਾ। ਅਜਿਹੇ 'ਚ ਇਸ ਸੈਸ਼ਨ 'ਚ ਹੰਗਾਮਾ ਹੋਣ ਦੀ ਵੀ ਸੰਭਾਵਨਾ ਹੈ। 

 

ਇਸ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਮਰਹੂਮ ਨਿਰਮਲ ਸਿੰਘ ਕਾਹਲੋਂ, ਡਾ: ਧਰਮਵੀਰ ਅਗਨੀਹੋਤਰੀ ਅਤੇ ਜਗਜੀਤ ਸਿੰਘ ਹਾਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਦੂਜੇ ਪਾਸੇ ਬੀਏਸੀ ਦੀ ਰਿਪੋਰਟ ਦੇ ਵਿਰੋਧ ਵਿੱਚ ਭਾਜਪਾ ਦੇ ਦੋਵੇਂ ਮੈਂਬਰਾਂ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਦੁਪਹਿਰ 12.30 ਵਜੇ ਮੁੱਖ ਮੰਤਰੀ ਭਗਵੰਤ ਮਾਨ ਭਰੋਸੇ ਦਾ ਮਤਾ ਪੇਸ਼ ਕਰਨਗੇ।

 

ਇਸ ਸੈਸ਼ਨ ਵਿੱਚ 'ਆਪ' ਸਰਕਾਰ ਵੱਲੋਂ ਪਰਾਲੀ ਸਾੜਨ, ਜੀਐਸਟੀ ਅਤੇ ਬਿਜਲੀ ਸਪਲਾਈ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਇਲਾਵਾ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਗੀ ਮਤਾ ਵੀ ਪੇਸ਼ ਕੀਤਾ ਜਾਏਗਾ। ਦੂਜੇ ਪਾਸੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਵਿਧਾਨ ਸਭਾ ਸੈਸ਼ਨ ਵੱਲ ਮਾਰਚ ਕਰ ਰਹੇ ਅਕਾਲੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਉੱਥੇ ਹੀ ਭਾਜਪਾ ਵੱਲੋਂ ਵੀ ਚੰਡੀਗੜ੍ਹ ਵਿੱਚ ਜਨਤਾ ਦੀ ਵਿਧਾਨ ਸਭਾ ਲਗਾਈ ਗਈ ਹੈ। 

 

ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਸਰਕਾਰ ਭਰੋਸੇ ਦਾ ਮਤਾ ਲਿਆ ਸਕਦੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵਿਧਾਨ ਸਭਾ ਸੈਸ਼ਨ ਦੇ ਆਯੋਜਨ ਨੂੰ ਲੈ ਕੇ ਰਾਜ ਭਵਨ ਅਤੇ 'ਆਪ' ਸਰਕਾਰ ਵਿਚਾਲੇ ਕਈ ਦਿਨਾਂ ਤੱਕ ਚੱਲੀ ਤਕਰਾਰ ਤੋਂ ਬਾਅਦ ਸਦਨ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਸ਼ਨੀਵਾਰ ਨੂੰ ਰਾਜਪਾਲ ਨੂੰ ਸੂਚਿਤ ਕੀਤਾ ਸੀ ਕਿ 27 ਸਤੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਦੇ ਨਿਯਮਤ ਇਜਲਾਸ ਵਿੱਚ ਪਰਾਲੀ ਸਾੜਨ, ਗੁਡਸ ਐਂਡ ਸਰਵਿਸਿਜ਼ ਟੈਕਸ ਅਤੇ ਬਿਜਲੀ ਸਪਲਾਈ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। 

 


ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 'ਆਪ' ਸਰਕਾਰ ਵਿਧਾਨ ਸਭਾ 'ਚ ਵਿਸ਼ਵਾਸ ਮਤ ਲਿਆਉਂਦੀ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਰਾਜਪਾਲ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕਰਨ ਦੀ ਇਜਾਜ਼ਤ ਵਾਪਸ ਲੈ ਲਈ ਸੀ, ਜਦੋਂ 'ਆਪ' ਸਰਕਾਰ ਸਿਰਫ਼ ਵਿਸ਼ਵਾਸ ਮਤ ਲਿਆਉਣਾ ਚਾਹੁੰਦੀ ਸੀ। ਜਿਸ ਤੋਂ ਬਾਅਦ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਦੇ ਆਯੋਜਨ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਸਦਨ ਬੁਲਾਉਣ ਦੀ ਮਨਜ਼ੂਰੀ ਦਿੱਤੀ ਹੈ।