ਗੁਰਵਿੰਦਰ ਸਿੰਘ ਚੱਠਾ ਦੀ ਖ਼ਾਸ ਰਿਪੋਰਟ


Gangsters in Punjab: ਪੰਜਾਬ ਇੱਕ ਵਾਰ ਫਿਰ ਤੋਂ ਗੈਂਗਸਟਰਾਂ ਪਾਸੇ ਚੱਲ ਪਿਆ ਹੈ। ਸੂਬੇ 'ਚ ਵਿੱਕੀ ਮਿਡੂਖੇੜਾ ਅਤੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਵਾਰ ਦਾ ਖ਼ਤਰਾ ਹੋਰ ਵੱਧ ਗਿਆ ਹੈ। ਬੇਸ਼ੱਕ ਪੰਜਾਬ ਸਰਕਾਰ ਦੇ ਹੁਕਮਾਂ ਮਗਰੋਂ ਪੰਜਾਬ ਪੁਲਿਸ ਨੇ ਸਖ਼ਤੀ ਕਰਦਿਆਂ ਕਈ ਵੱਡੇ ਗੈਂਗਸਟਰਾਂ ਨੂੰ ਕਾਬੂ ਕੀਤਾ ਜਾਂ ਉਨ੍ਹਾਂ ਦਾ ਐਂਕਾਉਂਟਰ ਕੀਤਾ। ਪਰ ਇਸ ਸਭ ਦੇ ਬਾਅਦ ਵੀ ਸੂਬੇ 'ਚ ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਕਰਕੇ ਸੂਬੇ ਦੀ ਅਮਨ ਸ਼ਾਂਤੀ ਨੂੰ ਵੱਡਾ ਖ਼ਤਰਾ ਹੋ ਸਕਦਾ ਹੈ।


ਪੰਜਾਬ 'ਚ ਗੈਂਗਸਟਰ ਭਰਤੀ ਲਈ ਦਿੱਤੇ ਜਾ ਰਹੇ ਇਸ਼ਤਿਹਾਰ


ਇਸੇ ਸਿਲਸਿਲੇ 'ਚ ਹੁਣ ਪੰਜਾਬ ਵਿੱਚ ਗੈਂਗਸਟਰ ਵੀ ਭਰਤੀ ਹੋ ਰਹੇ ਹਨ। ਇੰਨਾ ਹੀ ਨਹੀਂ ਭਰਤੀ ਨੂੰ ਲੈ ਕੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੈ। ਨੌਜਵਾਨਾਂ ਨੂੰ ਆਪਣੇ ਗੈਂਗ 'ਚ ਸ਼ਾਮਲ ਕਰਨ ਲਈ ਜਿੱਥੇ ਬੰਬੀਹਾ ਨੇ ਗੈਂਗ ਨੰਬਰ ਜਾਰੀ ਕੀਤਾ ਹੈ। ਇਸ ਨੂੰ ਦੇਖਦੇ ਹੋਏ ਹੁਣ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਨੌਜਵਾਨਾਂ ਨੂੰ ਸਿੱਧੇ ਫੋਨ ਕਰਨੇ ਸ਼ੁਰੂ ਕਰ ਦਿੱਤੇ ਹਨ।


ਸੂਤਰ ਮੁਤਾਬਕ ਗੋਲਡੀ ਬਰਾੜ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਨੌਜਵਾਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੋਲਡੀ ਬਰਾੜ ਦਾ ਨਿਸ਼ਾਨਾ 18-19 ਸਾਲ ਦੀ ਉਮਰ ਦੇ ਨੌਜਵਾਨ ਹਨ। ਉਹ ਨੌਜਵਾਨਾਂ ਨੂੰ ਲਾਰੈਂਸ ਗੈਂਗ 'ਚ ਸ਼ਾਮਲ ਹੋ ਕੇ ਜੁਰਮ ਦੀ ਦੁਨੀਆ 'ਚ ਨਾਂ ਚਮਕਾਉਣ ਦਾ ਬਲ ਬਖਸ਼ ਰਿਹਾ ਹੈ। ਉਸ ਨੇ ਹਰਿਆਣਾ ਦੇ ਸਭ ਤੋਂ ਨੌਜਵਾਨ ਨਿਸ਼ਾਨੇਬਾਜ਼ ਅੰਕਿਤ ਸੇਰਸਾ ਨੂੰ ਵੀ ਇਸੇ ਤਰ੍ਹਾਂ ਤਿਆਰ ਕੀਤਾ ਸੀ।


ਦੱਸ ਦੇਈਏ ਕਿ ਬੰਬੀਹਾ ਗੈਂਗ ਨੇ ਨੌਜਵਾਨਾਂ ਨੂੰ ਆਪਣੇ ਗੈਂਗ ਨਾਲ ਜੋੜਨ ਲਈ ਫੇਸਬੁੱਕ 'ਤੇ ਪੋਸਟ ਲਿਖ ਕੇ ਵ੍ਹੱਟਸਐਪ ਨੰਬਰ ਜਾਰੀ ਕੀਤਾ ਸੀ। ਸੁਲਤਾਨ ਦਵਿੰਦਰ ਬੰਬੀਹਾ ਗਰੁੱਪ ਦੇ ਅਕਾਊਂਟ ਤੋਂ ਇੱਕ ਪੋਸਟ ਪਾਈ ਗਈ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਜਿਹੜੇ ਭਰਾ ਗੈਂਗ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਵ੍ਹੱਟਸਐਪ ਕਰਨ। 77400-13056 ਨੰਬਰ ਗੈਂਗਸਟਰਾਂ ਵੱਲੋਂ ਫੇਸਬੁੱਕ 'ਤੇ ਜਾਰੀ ਕੀਤਾ ਗਿਆ ਸੀ।


ਗੈਂਗਸਟਰਾਂ ਦੇ ਇਸ ਨਵੇਂ ਹੱਥਕੰਡੇ ਤੋਂ ਬਾਅਦ ਪੁਲਿਸ ਵਲੋਂ ਖਾਸ ਉਮਰ ਦੇ ਨੌਜਵਾਨਾਂ ਦੇ ਸੋਸ਼ਲ ਮੀਡੀਆ ਅਕਾਉਂਟਸ ਜਿਵੇਂ ਫੇਸਬੁੱਕ, ਟਵੀਟਰ, ਇੰਸਟਾਗ੍ਰਾਮ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਹੋਣ ਤੋਂ ਪਹਿਲਾਂ ਹੀ ਇਸ ਨੂੰ ਠੱਲ ਪਾਈ ਜਾ ਸਕੇ।


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਮੂਸੇਵਾਲਾ ਨੂੰ ਬੰਬੀਹਾ ਗੈਂਗ ਨਾਲ ਜੋੜਿਆ ਸੀ। ਇਸ ਤੋਂ ਬਾਅਦ ਬੰਬੀਹਾ ਗੈਂਗ ਨੇ ਕਿਹਾ ਸੀ ਕਿ ਬੇਸ਼ੱਕ ਮੂਸੇਵਾਲਾ ਦਾ ਉਨ੍ਹਾਂ ਦੇ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਹੁਣ ਜੇਕਰ ਲਾਰੈਂਸ ਗੈਂਗ ਨੇ ਮੂਸੇਵਾਲਾ ਦਾ ਨਾਂ ਬੰਬੀਹਾ ਗੈਂਗ ਨਾਲ ਜੋੜ ਹੀ ਦਿੱਤਾ ਹੈ ਤਾਂ ਹੁਣ ਬੰਬੀਹਾ ਗੈਂਗ ਮੂਸੇਵਾਲਾ ਦੇ ਕਤਲ ਦਾ ਬਦਲਾ ਗੋਲਡੀ ਬਰਾੜ, ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦਾ ਕਤਲ ਕਰਕੇ ਲਵੇਗਾ। ਅਜਿਹੇ 'ਚ ਦੋਵੇਂ ਗੈਂਗ ਇੱਕ-ਦੂਜੇ ਦੇ ਆਹਮੋ ਸਾਹਮਣੇ ਤਾਂ ਆ ਹੀ ਗਏ ਹਨ ਨਾਲ ਦੋਵੇਂ ਗੈਂਗਸ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਮੁੱਖ ਕਾਰਨ ਹਨ।