ਲੁਧਿਆਣਾ : ਪੰਜਾਬ 'ਚ ਨਸ਼ੇ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੀ ਜਵਾਨੀ ਇਸ ਦਲਦਲ 'ਚ ਫਸ ਕੇ ਆਪਣੀਆਂ ਜਾਨਾ ਗਵਾ ਰਹੀ ਹੈ। ਪੰਜਾਬ 'ਚ ਨਸ਼ਾ ਤਸਕਰਾਂ ਨੇ ਪੁਲਿਸ ਤੋਂ ਬੱਚਣ ਲਈ ਇਸ ਧੰਦੇ 'ਚ ਔਰਤਾਂ ਨੂੰ ਵੀ ਸ਼ਾਮਿਲ ਕਰ ਲਿਆ ਹੈ। ਲੁਧਿਆਣਾ ਪੁਲਿਸ ਨੇ ਇੱਕ ਨਾਬਾਲਗ ਲੜਕੀ ਨੂੰ 220 ਗ੍ਰਾਮ ਹੈਰੋਇਨ ਸਮੇਤ ਦਬੋਚਿਆ ਹੈ। ਮਾਮਲਾ ਜਮਾਲਪੁਰ ਦੇ ਮੁੰਡੀਆਂ ਕਲਾਂ ਇਲਾਕੇ ਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਆਪਣੀ ਮਾਸੀ ਦੇ ਘਰ ਦੇ ਬਾਹਰ ਹੈਰੋਇਨ ਵੇਚਦੀ ਫੜੀ ਗਈ ਹੈ। ਜਦੋਂ ਐਸਟੀਐਫ ਨੇ ਨਾਬਾਲਗ ਲੜਕੀ ਦੀ ਸਕੂਟੀ ਦੀ ਤਲਾਸ਼ੀ ਲਈ ਤਾਂ ਡਿਗੀ ਵਿੱਚੋਂ 220 ਗ੍ਰਾਮ ਹੈਰੋਇਨ ਬਰਾਮਦ ਹੋਈ।ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਹ ਹਠੂਰ ਦੇ ਪਿੰਡ ਚੱਕਰ ਦੀ ਰਹਿਣ ਵਾਲੀ ਹੈ। 12ਵੀਂ ਪਾਸ ਕਰਨ ਤੋਂ ਬਾਅਦ ਉਹ ਨੌਕਰੀ ਲੱਭਣ ਲਈ ਆਪਣੀ ਮਾਸੀ ਕੋਲ ਆਈ ਪਰ ਉਸ ਦੀ ਮਾਸੀ ਨੇ ਉਸ ਨੂੰ ਨਸ਼ਾ ਤਸਕਰੀ ਵਿਚ ਫਸਾ ਦਿੱਤਾ। ਨਾਬਾਲਗ ਮੁਤਾਬਕ ਉਹ ਪੈਸਿਆਂ ਦੇ ਲਾਲਚ ਵਿੱਚ ਫਸ ਗਈ।
ਇਸ ਦੇ ਨਾਲ ਹੀ ਐਸਟੀਐਫ ਅਧਿਕਾਰੀਆਂ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 1.25 ਕਰੋੜ ਰੁਪਏ ਹੈ। ਐਸਟੀਐਫ ਨੇ ਨਾਬਾਲਗ ਅਤੇ ਉਸਦੀ ਮਾਸੀ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 29, 61 ਅਤੇ 85 ਤਹਿਤ ਕੇਸ ਦਰਜ ਕੀਤਾ ਹੈ। ਨਾਬਾਲਗ ਲੜਕੀ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਇਸ ਦੇ ਨਾਲ ਹੀ ਮੁਲਜ਼ਮ ਸਲੀਮਾ ਰਾਣੀ ਦੇ ਪਿਛਲੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਐਸਟੀਐਫ ਲੁਧਿਆਣਾ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਤੋਂ ਮੁੰਡੀਆਂ ਕਲਾਂ ਇਲਾਕੇ ਵਿੱਚ ਇੱਕ ਔਰਤ ਦੇ ਘਰ ਬਾਹਰ ਨਸ਼ਾ ਵੇਚਣ ਦੀ ਸੂਚਨਾ ਮਿਲੀ ਸੀ। ਜਦੋਂ ਉਨ੍ਹਾਂ ਛਾਪਾ ਮਾਰਿਆ ਤਾਂ ਨਾਬਾਲਗ ਲੜਕੀ ਸਕੂਟੀ 'ਤੇ ਬੈਠੀ ਦਿਖਾਈ ਦਿੱਤੀ, ਜੋ ਨਸ਼ਾ ਵੇਚ ਰਹੀ ਸੀ। ਉਸ ਨੇ ਸਕੂਟੀ ਦੇ ਡਿਗੀ ਵਿੱਚ ਨਸ਼ੀਲੇ ਪਦਾਰਥ ਛੁਪਾਏ ਹੋਏ ਸਨ। ਜਦੋਂ ਐਸਟੀਐਫ ਨੇ ਚੈਕਿੰਗ ਕੀਤੀ ਤਾਂ ਸਕੂਟੀ ਵਿੱਚੋਂ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।