Punjab News : ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਮੰਗਲਵਾਰ ਨੂੰ ਯਾਨੀ ਅੱਜ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ ਵਿੱਚ 'ਆਪ' ਸਰਕਾਰ ਵੱਲੋਂ ਪਰਾਲੀ ਸਾੜਨ, ਜੀਐਸਟੀ ਅਤੇ ਬਿਜਲੀ ਸਪਲਾਈ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਇੱਕ ਦਿਨਾਂ ਵਿਧਾਨ ਸਭਾ ਸੈਸ਼ਨ ਵਿੱਚ ਹੰਗਾਮਾ ਹੋਣ ਦੇ ਆਸਾਰ ਹਨ।ਇਸ ਦੇ ਨਾਲ ਹੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਵਿਰੋਧੀ ਧਿਰ ਨੇ ਰੇਤ ਦੀ ਨਾਜਾਇਜ਼ ਮਾਈਨਿੰਗ, ਐਸ.ਵਾਈ.ਐਲ ਅਤੇ ਕਾਨੂੰਨ ਵਿਵਸਥਾ ਵਰਗੇ ਕਈ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ ਹੈ।


 

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਗਵੰਤ ਮਾਨ ਸਰਕਾਰ ਨੇ ਰਾਜਪਾਲ ਨੂੰ ਸੂਚਿਤ ਕੀਤਾ ਸੀ ਕਿ 27 ਸਤੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ 'ਚ ਪਰਾਲੀ ਸਾੜਨ, ਜੀਐੱਸਟੀ ਅਤੇ ਬਿਜਲੀ ਸਪਲਾਈ 'ਤੇ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਰਾਜਪਾਲ ਨੂੰ ਇਹ ਵੀ ਦੱਸਿਆ ਗਿਆ ਕਿ ਉਪਰੋਕਤ ਏਜੰਡੇ ਤੋਂ ਇਲਾਵਾ, ਮੈਂਬਰਾਂ ਤੋਂ ਪ੍ਰਾਪਤ ਨੋਟਿਸਾਂ ਅਨੁਸਾਰ ਵੱਖ-ਵੱਖ ਮੁੱਦਿਆਂ 'ਤੇ ਵੀ ਸੈਸ਼ਨ ਦੌਰਾਨ ਵਿਧਾਨ ਸਭਾ 'ਚ ਕਾਰਜ ਵਿਧੀ ਅਤੇ  ਕਾਰੋਬਾਰ ਦੇ ਸੰਚਾਲਨ ਦੇ ਨਿਯਮਾਂ ਦੇ ਸੰਬੰਧਿਤ ਉਪਬੰਧਾਂ ਅਨੁਸਾਰ ਕੰਮ ਕੀਤਾ ਜਾ ਸਕਦਾ ਹੈ।

 

 ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਦੌਰਾਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ 'ਆਪ' ਸਰਕਾਰ ਵਿਧਾਨ ਸਭਾ 'ਚ ਵਿਸ਼ਵਾਸ ਮਤ ਲਿਆਉਂਦੀ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਰਾਜਪਾਲ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕਰਨ ਦੀ ਇਜਾਜ਼ਤ ਵਾਪਸ ਲੈ ਲਈ ਸੀ, ਜਦੋਂ 'ਆਪ' ਸਰਕਾਰ ਸਿਰਫ਼ ਵਿਸ਼ਵਾਸ ਮਤ ਲਿਆਉਣਾ ਚਾਹੁੰਦੀ ਸੀ। ਜਿਸ ਤੋਂ ਬਾਅਦ ਰਾਜਪਾਲ ਨੇ ਵਿਧਾਨ ਸਭਾ ਸੈਸ਼ਨ ਦੇ ਆਯੋਜਨ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਸਦਨ ਬੁਲਾਉਣ ਦੀ ਮਨਜ਼ੂਰੀ ਦਿੱਤੀ ਹੈ।

 

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸੈਸ਼ਨ ਤੋਂ ਪੰਜਾਬ ਨੂੰ ਕੁਝ ਨਹੀਂ ਮਿਲੇਗਾ।  ਬਾਜਵਾ ਨੇ ਕਿਹਾ ਕਿ ਇਸ ਸੈਸ਼ਨ 'ਚ 'ਆਪ' ਭਾਜਪਾ ਅਤੇ ਕਾਂਗਰਸ ਨੂੰ ਕੋਸ ਕੇ ਹਿਮਾਚਲ ਅਤੇ ਗੁਜਰਾਤ ਦੇ ਵੋਟਰਾਂ 'ਤੇ ਹੀ ਧਿਆਨ ਕੇਂਦਰਿਤ ਕਰੇਗੀ। ਬਾਜਵਾ ਨੇ ਦਾਅਵਾ ਕੀਤਾ ਕਿ ਸਰਕਾਰ ਸੈਸ਼ਨ 'ਚ ਆਪਣੀਆਂ ਪ੍ਰਾਪਤੀਆਂ ਗਿਣਵਾਏਗੀ ਅਤੇ ਇਸ ਦੇ ਨਾਲ ਹੀ ਔਰਤਾਂ ਨੂੰ 1000 ਰੁਪਏ ਦੇਣ ਦੇ ਨਾਂ 'ਤੇ ਇਹ ਦਾਅਵਾ ਕਰੇਗੀ ਕਿ ਉਹ ਦੇਣਾ ਚਾਹੁੰਦੀ ਸੀ ਪਰ ਜੀਐਸਟੀ ਮੁਆਵਜ਼ੇ ਦੇ ਰੂਪ 'ਚ ਮਿਲਣ ਵਾਲੀ 14,000 ਕਰੋੜ ਰੁਪਏ ਦੀ ਰਾਸ਼ੀ ਬੰਦ ਹੋ ਗਈ ਹੈ। 

 


ਇੱਕ ਦਿਨ ਦਾ ਸੈਸ਼ਨ ਜਨਤਾ ਨਾਲ ਮਜ਼ਾਕ : ਖਹਿਰਾ


ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਨੂੰ ਐਸਵਾਈਐਲ ਨਹਿਰ, ਬੇਅਦਬੀ ਅਤੇ ਬੇਮੌਸਮੀ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਵਰਗੇ ਭਖਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਬੁਲਾਇਆ ਜਾਣਾ ਚਾਹੀਦਾ ਸੀ। ਖਹਿਰਾ ਨੇ ਟਵੀਟ ਕੀਤਾ- ਕੱਲ ਦਾ ਵਿਧਾਨ ਸਭਾ ਸੈਸ਼ਨ ਇੱਕ ਮਜ਼ਾਕ ਹੈ। ਇੱਕ ਕਰੋੜ ਲੋਕਾਂ ਦੇ ਰੁਪਏ ਖਰਚਣ ਤੋਂ ਬਾਅਦ ਕੋਈ ਪ੍ਰਸ਼ਨ ਕਾਲ ਨਹੀਂ ਹੈ ਕਿਉਂਕਿ ਸਰਕਾਰ ਨੂੰ ਉਨ੍ਹਾਂ ਨੂੰ ਜਵਾਬ ਦੇਣ ਲਈ 15 ਦਿਨਾਂ ਦਾ ਨੋਟਿਸ ਜ਼ਰੂਰੀ ਹੁੰਦਾ ਹੈ! ਇਹ ਸੈਸ਼ਨ ਉਚਿਤ ਤੌਰ 'ਤੇ ਬੁਲਾਇਆ ਜਾਣਾ ਚਾਹੀਦਾ ਸੀ ਅਤੇ ਸਿਰਫ਼ ਦੋ ਮੁੱਦਿਆਂ ਦੀ ਬਜਾਏ ਐਸਵਾਈਐਲ, ਬੇਅਦਬੀ, ਫਸਲਾਂ ਦੇ ਨੁਕਸਾਨ ਆਦਿ ਵਰਗੇ ਮੁੱਦੇ 'ਤੇ ਹੋਣਾ ਚਾਹੀਦਾ ਸੀ।


 


ਸੈਸ਼ਨ ਦਾ ਕਾਰਜਕਾਲ ਲੰਬਾ ਹੋਣਾ ਚਾਹੀਦਾ ਹੈ : ਅਕਾਲੀ ਦਲ 

 

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਮਾਈਨਿੰਗ, ਵਿਗੜਦੀ ਕਾਨੂੰਨ ਵਿਵਸਥਾ ਅਤੇ ਆਬਕਾਰੀ ਨੀਤੀ ਸਮੇਤ ਸੂਬੇ ਦੇ ਅਹਿਮ ਮੁੱਦਿਆਂ 'ਤੇ ਚਰਚਾ ਕਰਨ ਲਈ ਸੈਸ਼ਨ ਹੋਰ ਦਿਨਾਂ ਲਈ ਰੱਖਿਆ ਜਾਣਾ ਚਾਹੀਦਾ ਹੈ। ਜੇਕਰ ਆਪ ਵਿਸ਼ਵਾਸ ਮਤ ਲਿਆ ਕੇ ਨਾਟਕ ਕਰਨਾ ਚਾਹੁੰਦੀ ਹੈ ਤਾਂ ਸੈਸ਼ਨ ਆਯੋਜਿਤ ਕਰਨ ਦਾ ਕੋਈ ਮਤਲਬ ਨਹੀਂ ਹੈ।