Punjab News: ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਟਕਸਾਲੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਨਵੇਂ ਬਿਆਨ ਵਿੱਚ ਸਿਆਸਤ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਲੰਘੇ ਦਿਨ ਕਿਹਾ ਸੀ ਕਿ ਆਪ ਸਰਕਾਰ ਦੇ 32 ਐਮਐਲਏ ਸਾਡੇ ਸੰਪਰਕ ਵਿੱਚ ਹਨ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਤਾਪ ਬਾਜਵਾ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ।


ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, "ਪ੍ਰਤਾਪ ਬਾਜਵਾ (ਭਾਜਪਾ) ਜੀ ਤੁਸੀਂ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਤੋੜਣ ਦੀ ਗੱਲ ਕਰ ਰਹੇ ਓ?? ਮੈਨੂੰ ਪਤਾ ਹੈ ਕਿ ਕਾਂਗਰਸ ਨੇ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ ਸੀ..ਮੈਂ ਪੰਜਾਬ ਦੇ 3 ਕਰੋੜ ਲੋਕਾਂ ਦਾ ਨੁਮਾਇੰਦਾ ਹਾਂ ਥੋਡੇ ਵਾਂਗ ਕੁਰਸੀ ਦਾ ਤਿਕੜਮਬਾਜ਼ ਨਹੀਂ..ਜੇ ਹਿੰਮਤ ਹੈ  ਹਾਈ ਕਮਾਂਡ ਨਾਲ ਗੱਲ ਕਰੋ"






ਜ਼ਿਕਰ ਕਰ ਦਈਏ ਕਿ ਲੰਘੇ ਦਿਨ ਕਾਂਗਰਸ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਨਸ਼ਿਆਂ ਖ਼ਿਲਾਫ਼ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ। ਇਸ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ ਮੌਜੂਦ ਸੀ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣਾਂ ਲੜਣੀਆਂ ਹਨ ਤੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਸੀਟਾ ਜਿਤਾਉਣ। ਇਸ ਮੌਕੇ ਬਾਜਵਾ ਨੇ ਕਿਹਾ ਕਿ ਆਪ ਸਰਕਾਰ ਦੇ 32 ਐਮਐਲਏ ਸਾਡੇ ਸੰਪਰਕ ਵਿੱਚ ਹਨ। 


ਜ਼ਿਕਰ ਕਰ ਦਈਏ ਕਿ ਇਸ ਵਕਤ ਕਾਂਗਰਸ ਕੋਲ ਪੰਜਾਬ ਵਿੱਚੋਂ 18 ਵਿਧਾਇਕ ਹਨ ਜਿਸ ਨਾਲ ਉਹ ਵਿਰੋਧੀ ਧਿਰ ਵਿੱਚ ਹੈ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਜੋ ਦਾਅਵਾ ਕੀਤਾ ਗਿਆ ਹੈ ਜੇ ਉਹ ਸੱਚ ਹੈ ਤਾਂ ਆਪ ਦੇ 32 ਵਿਧਾਇਕਾਂ ਸਮਤੇ ਉਨ੍ਹਾਂ ਦੀ ਗਿਣਤੀ 50 ਦੇ ਕਰੀਬ ਹੋ ਜਾਵੇਗੀ।