Punjab news: ਪਠਾਨਕੋਟ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨਾਲ ਸੰਵਾਦ ਕੀਤਾ। ਇਸ ਦੌਰਾਨ ਉਨ੍ਹਾਂ ਜਿੱਥੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉੱਥੇ ਹੀ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਭਗਵੰਤ ਮਾਨ ਨੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਕੋਈ ਇਥੇ ਸਿਆਸਤ, ਸ਼ਕਤੀ ਪ੍ਰਦਰਸ਼ਨ ਕਰਨ ਜਾਂ ਕਿਸੇ ਨੂੰ ਕੋਈ ਨੀਵਾਂ ਵਿਖਾਉਣ ਨਹੀਂ ਆਇਆ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਚੰਡੀਗੜ੍ਹ ਆਉਣਾ ਵੀ ਮੁਸ਼ਕਿਲ ਹੁੰਦਾ ਸੀ।
ਸਾਡੀ ਸਰਕਾਰ ਆਉਣ 'ਤੇ ਅਸੀਂ ਟੋਲ ਟੈਕਸ ਬੰਦ ਕਰਵਾਏ। ਹੁਣ ਸਰਕਾਰ ਪਿੰਡਾਂ ਤੋਂ ਚੱਲ ਰਹੀ ਹੈ। ਹਾਈਵੇਅ ਵਾਲੇ ਟੋਲ ਪਲਾਜ਼ਿਆਂ 'ਤੇ ਵੀ ਮੇਰੀ ਨਜ਼ਰ ਹੈ। ਹੁਣ ਸਿਰਫ਼ ਇਕ-ਦੋ ਹਾਈਵੇਅ ਵਾਲੇ ਟੋਲ ਹੀ ਰਹਿ ਗਏ। ਸਰਕਾਰ ਦਾ ਮਕਸਦ ਹਰ ਸਮੱਸਿਆ ਨੂੰ ਸੁਣਨਾ ਅਤੇ ਹਲ ਕਰਨਾ ਹੁੰਦਾ ਹੈ। ਪਠਾਨਕੋਟ ਏਅਰਪੋਰਟ ਬਾਰੇ ਕੇਂਦਰ ਨਾਲ ਗੱਲਬਾਤ ਕਰਾਂਗੇ।
ਉਨ੍ਹਾਂ ਕਿਹਾ ਕਿ ਵਪਾਰੀ ਭਰਾਵਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ 'ਚ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਸਾਡੀ ਸਰਕਾਰ ਵੱਲੋਂ ਜਾਰੀ ਕੀਤਾ ਹਰੇ ਰੰਗ ਦਾ ਸਟੈਂਪ ਪੇਪਰ ਖਰੀਦੋ ਅਤੇ 16ਵੇਂ ਦਿਨ ਰਜਿਸਟਰੀ ਤੇ 17ਵੇਂ ਦਿਨ ਭੂਮੀ ਪੂਜਾ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ। ਇਸ ਦੇ ਨਾਲ ਹੀ ਵਪਾਰੀਆਂ ਦੀਆਂ ਸਾਰੀਆਂ ਖੱਜਲ-ਖ਼ੁਆਰੀਆਂ ਖਤਮ ਹੋ ਜਾਣਗੀਆਂ।
ਇਹ ਵੀ ਪੜ੍ਹੋ: Congress-Aap Alliance: ਕਿਤੇ ਯਾਰੀ ਕਿਤੇ ਦੁਸ਼ਮਣੀ, ਇਹ ਰਾਜਨੀਤੀ ਨਹੀਂ ਚੱਲੇਗੀ, ਭਾਜਪਾ ਨੇ ਸਾਧਿਆ ਨਿਸ਼ਾਨਾ
ਪਠਾਨਕੋਟ ਤੋਂ ਦਿੱਲੀ ਲਈ ਹਫ਼ਤੇ ਵਿਚ 2-3 ਫਲਾਈਟਾਂ ਸ਼ੁਰੂ ਕਰਾਵਾਂਗੇ। ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਕੁਝ ਕੀਤੇ ਸਾਡਾ ਦੋ ਸਾਲਾਂ ਵਿਚ ਰੈਵੇਨਿਊ ਬੇਹੱਦ ਵੱਧ ਗਿਆ ਹੈ।
ਹੁਣ ਵਪਾਰੀ ਖ਼ੁਦ ਹੀ ਆਪਣਾ ਟੈਕਸ ਦੇਣ ਲੱਗ ਗਏ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਹੁਣ ਚੰਗੇ ਬੰਦੇ ਆ ਗਏ ਹਨ ਅਤੇ ਸਾਡਾ ਪੈਸਾ ਸਾਡੇ 'ਤੇ ਹੀ ਲਾਉਣਗੇ। ਉਨ੍ਹਾਂ ਗਾਰੰਟੀ ਦਿੰਦੇ ਹੋਏ ਕਿਹਾ ਕਿ ਜੇਕਰ ਇਕ ਪਾਸੇ ਪਬਲਿਕ ਦਾ ਇਕ ਰੁਪਇਆ ਪਿਆ ਹੋਵੇ ਤਾਂ ਦੂਜੇ ਪਾਸੇ ਸਲਫ਼ਾਸ ਦੀ ਗੋਲ਼ੀ ਪਈ ਹੋਵੇ ਤਾਂ ਮੈਂ ਸਲਫ਼ਾਸ ਲਵਾਂਗਾ।
ਸੰਨੀ ਦਿਓਲ 'ਤੇ ਸਾਧਿਆ ਨਿਸ਼ਾਨਾ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਦ ਮੈਂਬਰ ਸੰਨੀ ਦਿਓਲ 'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸੰਨੀ ਦਿਓਲ ਨੇ ਆਪਣੇ ਹਲਕੇ ਵਿੱਚ ਤਾਂ ਕੀ ਆਉਣਾ ਸੀ ਉਹ ਤਾਂ ਕਦੇ ਸੰਸਦ ਵਿਚ ਹੀ ਨਹੀਂ ਗਏ ਹਨ। ਸਿਆਸਤ ਕੋਈ 9 ਤੋਂ 5 ਵਾਲੀ ਡਿਊਟੀ ਨਹੀਂ ਹੈ, ਸਿਆਸਤ ਤਾਂ 24 ਘੰਟੇ ਵਾਲੀ ਡਿਊਟੀ ਹੈ। ਸੰਸਦ ਮੈਂਬਰ ਲੋਕ ਅਤੇ ਸਰਕਾਰ ਦੇ ਵਿਚ ਇਕ ਬ੍ਰਿਜ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੇ ਬਾਰਡਰ ਪਾਰ ਕਰਕੇ ਤਾਂ ਕਈ ਨਲਕੇ ਪੁੱਟ ਦਿੱਤੇ ਪਰ ਇੱਥੇ ਇਕ ਵੀ ਨਲਕਾ ਨਹੀਂ ਲਾਇਆ। ਭਗਵੰਤ ਮਾਨ ਨੇ ਕਿਹਾ ਕਿ ਸੰਨੀ ਦਿਓਲ ਨੇ ਇਥੇ ਆ ਕੇ ਢਾਈ ਕਿਲੋ ਦਾ ਹੱਥ ਵਿਖਾ ਦਿੱਤਾ ਪਰ ਬਾਅਦ ਵਿਚ ਇੱਕ ਕਿਲੋ ਦਾ ਵੀ ਨਹੀਂ ਰਿਹਾ। ਸੰਨੀ ਦਿਓਲ ਨੂੰ ਤਾਂ ਧਾਰਕਲਾਂ ਦਾ ਵੀ ਪਤਾ ਨਹੀਂ ਹੋਣਾ। ਭਗਵੰਤ ਮਾਨ ਨੇ ਕਿਹਾ ਕਿ ਹੁਣ ਐਤਕੀ ਭਾਜਪਾ ਵਾਲੇ ਕਿਸੇ ਹੋਰ ਨੂੰ ਲੈ ਕੇ ਆਉਣਗੇ। ਵੋਟਾਂ ਆਪਣੇ ਵਿਚੋਂ ਹੀ ਕਿਸੇ ਇਕ ਨੂੰ ਪਾਓ ਅਤੇ ਜਿਤਾਓ।
ਮਾਨ ਨੇ ਕਿਹਾ ਕਿ 'ਰੰਗਲੇ ਪੰਜਾਬ' ਦੀ ਸਿਰਜਣਾ ਵਿੱਚ ਉਦਯੋਗ ਅਤੇ ਵਪਾਰ ਜਗਤ ਦਾ ਅਹਿਮ ਯੋਗਦਾਨ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਵਚਨਬੱਧ ਹਾਂ। ਅੱਗੇ ਵੀ ਇਹ 'ਸਰਕਾਰ-ਵਪਾਰ ਮਿਲਣੀ' ਪ੍ਰੋਗਰਾਮ ਜਾਰੀ ਰਹਿਣਗੇ। ਸ਼ਿਰਕਤ ਕਰਨ ਲਈ ਸਾਰੇ ਵਪਾਰੀ ਭਰਾਵਾਂ ਦਾ ਦਿਲੋਂ ਧੰਨਵਾਦ...
ਇਹ ਵੀ ਪੜ੍ਹੋ: Shahpur Kandi barrage: ਹੁਣ ਨਹੀਂ ਮਿਲੇਗਾ ਪਾਕਿਸਤਾਨ ਨੂੰ ਰਾਵੀ ਦਾ ਪਾਣੀ, ਭਾਰਤ ਸਰਕਾਰ ਨੇ ਲਾਈ ਰੋਕ, ਜਾਣੋ ਕਾਰਨ