Farmer Protest: ਪੰਜਾਬ ਅਤੇ ਹਰਿਆਣਾ ਦੇ ਦਾਤਾ ਸਿੰਘ ਵਾਲਾ ਬਾਰਡਰ ‘ਤੇ ਤਿੰਨ ਦਿਨ ਪਹਿਲਾਂ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚਾਲੇ ਹੋਈ ਝੜਪ ‘ਚ ਜ਼ਖਮੀ ਹੋਏ ਸੰਗਰੂਰ ਦੇ ਰਹਿਣ ਵਾਲੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਰੋਹਤਕ PGI ਤੋਂ ਡਾਕਟਰਾਂ ਨੇ ਚੰਡੀਗੜ੍ਹ ਰੈਫਰ ਕਰ ਦਿੱਤਾ। ਨੌਜਵਾਨ ਉੱਤੇ ਹੋਏ ਜੁਲਮ ਤੋਂ ਬਾਅਦ ਕਿਸਾਨਾਂ ਦੇ ਨਾਲ-ਨਾਲ ਸਿਆਸੀ ਲੀਡਰਾਂ ਵੱਲੋਂ ਵੀ ਹਰਿਆਣਾ ਸਰਕਾਰ ਤੇ ਪੁਲਿਸ ਦੀ ਮੁਖ਼ਾਲਫਤ ਕੀਤੀ ਜਾ ਰਹੀ ਹੈ। 


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਸ਼ਾਮਲ ਹਨ ਉਨ੍ਹਾਂ ਨੇ ਵੀ ਹਰਿਆਣਾ ਸਰਕਾਰ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਸਾਡੇ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ 'ਤੇ ਕੀਤੀ ਗਈ ਹਿੰਸਾ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਬੇਨਤੀ ਕਰਦਾ ਹਾਂ ਉਨ੍ਹਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਸਿਰਫ਼ ਲੋਕਾਂ ਨੂੰ ਲੰਗਰ ਛਕਾਉਣ ਵਾਲੇ ਨਿਹੱਥੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਲਈ ਦੋਸ਼ੀ ਹਨ।






ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਦੀ ਦਰਿੰਦਗੀ ਸਾਹਮਣੇ ਆਈ ਹੈ। ਰੋਹਤਕ ਪੀਜੀਆਈ ਤੋਂ ਚੰਡੀਗੜ੍ਹ ਪੀਜੀਆਈ ਲਿਆਂਦੇ ਨੌਜਵਾਨ ਪ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਨੇ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਪ੍ਰਿਤਪਾਲ ਸਿੰਘ ਨੂੰ ਬੋਰੀ ਵਿੱਚ ਬੰਦ ਕਰਕੇ ਲੈ ਕਈ ਸੀ ਤੇ ਅੰਨ੍ਹਾ ਤਸ਼ੱਦਦ ਢਾਹਿਆ ਸੀ। ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸੀ।


ਪ੍ਰਿਤਪਾਲ ਦੇ ਭਰਾ ਨੇ ਦੱਸਿਆ ਕਿ 21 ਫਰਵਰੀ ਨੂੰ ਖਨੌਰੀ ਬਾਰਡਰ 'ਤੇ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਬੋਰੀ 'ਚ ਬੰਦ ਕਰਕੇ ਲੈ ਗਈ ਸੀ। ਉਸ ਨੇ ਦੱਸਿਆ ਕਿ ਪ੍ਰਿਤਪਾਲ ਕੋਲ ਦੋ ਮੋਬਾਈਲ ਸਨ। ਇੱਕ ਪੁਲਿਸ ਨੇ ਖੋਹ ਲਿਆ ਤੇ ਦੂਜਾ ਉਸ ਦੇ ਕੋਲ ਸੀ। ਪ੍ਰਿਤਪਾਲ ਨੇ ਉਸ ਫੋਨ ਰਾਹੀਂ ਉਸ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਉਸ ਨੂੰ ਬੋਰੀ ਵਿੱਚ ਬੰਦ ਕਰਕੇ ਲਿਜਾਇਆ ਗਿਆ ਹੈ। ਉਸ ਦੀਆਂ ਲੱਤਾਂ ਟੁੱਟ ਗਈਆਂ ਹਨ। ਉਸ ਨੂੰ ਨਹੀਂ ਲੱਗਦਾ ਕਿ ਉਹ ਬਚੇਗਾ।