Bhagwant Mann: ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਾ ਅੱਜ ਪਾਰਲੀਮੈਂਟ ਵਿੱਚ ਆਖਰੀ ਦਿਨ ਹੈ। ਉਨ੍ਹਾਂ ਨੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ। ਅੱਜ ਸੰਸਦ ਪਹੁੰਚੇ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਸਦਨ ਨੂੰ ਹਮੇਸ਼ਾਂ ਯਾਦ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਪੰਜਾਬ ਦੀ ਸੇਵਾ ਕਰਨ ਦੀ ਜ਼ਿੰਮਵਾਰੀ ਸੌਂਪੀ ਗਈ ਹੈ। ਇਸ ਲਈ ਪੰਜਾਬ ਦੇ 3 ਕਰੋੜ ਲੋਕਾਂ ਦਾ ਧੰਨਵਾਦ ਕਰਦਾ ਹਾਂ। ਲੋਕਾਂ ਨੇ ਆਪਣੇ ਪੁੱਤਰ, ਆਪਣੇ ਭਰਾ ਨੂੰ ਇੰਨਾ ਪਿਆਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੈਂ 7 ਸਾਲ ਤੋਂ ਐਮਪੀ ਹਾਂ। ਮੈਨੂੰ ਪ੍ਰਸ਼ਾਸਨ ਨੂੰ ਚਲਾਉਣ ਦਾ ਤਜਰਬਾ ਹੈ। ਦਿੱਲੀ ਵਿੱਚ ਵੀ ਸਾਡੀ ਸਰਕਾਰ ਹੈ। ਇਸ ਲਈ ਸਾਨੂੰ ਸਰਕਾਰ ਚਲਾਉਣ ਦਾ ਤਜਰਬਾ ਹੈ। ਅਸੀ ਕੋਈ ਨਵੇਂ ਨਹੀਂ ਹਾਂ। ਸਰਕਾਰ ਚਲਾਉਣਾ ਜਾਣਦੇ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਯੂਥ ਜਿੱਤ ਕੇ ਆਇਆ ਹੈ। ਇਸ ਲਈ ਨਵੇਂ-ਨਵੇਂ ਆਇਡੀਆ ਆਉਣਗੇ। ਚੋਣਾਂ ਵਿੱਚ ਵੱਡੇ-ਵੱਡੇ ਦਿੱਗਜ ਹਾਰੇ ਹਨ ਜਿਸ ਤੋਂ ਤਬਦੀਲੀ ਦਾ ਸੰਕੇਤ ਮਿਲਦਾ ਹੈ। ਹੁਣ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ।
ਉਨ੍ਹਾਂ ਕਿਹਾ ਕਿ ਦਿੱਲੀ ਤੋਂ ਵੀ ਗਾਈਡਲਾਈਨ ਲਈਆਂ ਜਾਣਗੀਆਂ ਤੇ ਦਿੱਲੀ ਸਰਕਾਰ ਵੀ ਪੰਜਾਬ ਤੋਂ ਗਾਈਡਲਾਈਨ ਲਏਗੀ। ਕੁਝ ਚੰਗਾ ਹੋਵੇਗਾ ਤਾਂ ਮੱਧ ਪ੍ਰਦੇਸ਼ ਤੋਂ ਵੀ ਸਿੱਖ ਲਵਾਂਗੇ, ਤਮਿਲਨਾਡੂ ਤੋਂ ਵੀ ਸਿੱਖ ਲਵਾਂਗੇ ਤੇ ਬੰਗਾਲ ਤੋਂ ਵੀ ਸਿੱਖ ਲਵਾਂਗੇ।
ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ। ਪੰਜਾਬ ਵਿੱਚ ਤਾਜ਼ਾ ਵਿਧਾਨ ਸਭਾ ਚੋਣਾਂ ਮਗਰੋਂ AAP ਨੂੰ ਵੱਡੀ ਜਿੱਤ ਮਿਲੀ ਹੈ ਤੇ ਧੂਰੀ ਸੀਟ ਤੋਂ ਭਗਵੰਤ ਮਾਨ ਨੇ ਪਰਚਮ ਲਹਿਰਾਇਆ ਹੈ। 16 ਮਾਰਚ ਨੂੰ 48 ਸਾਲਾ ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਜਿਸ ਤੋਂ ਪਹਿਲਾਂ ਮਾਨ ਨੇ ਅੱਜ ਦਿੱਲੀ 'ਚ ਸੰਸਦ ਮੈਂਬਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਸੌਂਪਿਆ।