ਚੰਡੀਗੜ੍ਹ: ਵਿਸ਼ਵ-ਵਿਆਪੀ ਲੌਕਡਾਊਨ ਦੌਰਾਨ ਵੱਖ-ਵੱਖ ਦੇਸ਼ਾਂ 'ਚ ਫਸੇ ਸੈਂਕੜੇ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਨੂੰ ਤੁਰੰਤ ਯਕੀਨੀ ਬਣਾਉਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਅਪੀਲ ਕੀਤੀ ਹੈ। ਮਾਨ ਮੁਤਾਬਕ ਇਨ੍ਹਾਂ ਭਾਰਤੀਆਂ 'ਚ ਬਹੁਗਿਣਤੀ ਪੰਜਾਬੀਆਂ ਦੀ ਹੈ ਤੇ ਕਾਫ਼ੀ ਲੋਕ ਤਾਂ ਟਰਾਂਜੈਕਸ਼ਨ ਦੌਰਾਨ ਏਅਰਪੋਰਟਾਂ 'ਤੇ ਵੀ ਫਸੇ ਹੋਏ ਹਨ।


ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਨੂੰ ਪਾਰਟੀ ਹੈੱਡਕੁਆਟਰ ਤੋਂ ਮੀਡੀਆ ਨਾਲ ਸਾਂਝਾ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਇਹ ਪੰਜਾਬੀ ਭਾਰਤੀ ਨਾਗਰਿਕ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇਟਲੀ, ਇੰਗਲੈਂਡ, ਅਮਰੀਕਾ, ਫਰਾਂਸ, ਸਪੇਨ, ਮਲੇਸ਼ੀਆ, ਦੁਬਈ, ਸਾਉਦੀ ਅਰਬ ਸਮੇਤ ਵੱਖ-ਵੱਖ ਦੇਸ਼ਾਂ 'ਚ ਟੂਰਿਸਟ ਜਾਂ ਵਿਜ਼ਟਰ ਵੀਜ਼ੇ ਤਹਿਤ ਵਿਦੇਸ਼ ਪੜ੍ਹਦੇ ਆਪਣੇ ਬੱਚਿਆਂ ਨੂੰ ਮਿਲਣ, ਆਪਣਾ ਇਲਾਜ ਕਰਾਉਣ ਜਾਂ ਸੈਰ-ਸਪਾਟੇ ਲਈ ਗਏ ਹੋਏ ਸਨ।



ਕੋਰੋਨਾ ਵਾਇਰਸ ਕਾਰਨ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਵੱਲੋਂ ਲੌਕਡਾਊਨ ਦੌਰਾਨ ਅੰਤਰਰਾਸ਼ਟਰੀ ਫਲਾਇਟਾਂ ਬੰਦ ਕਰਨ ਕਰਕੇ ਇਹ ਉੱਥੇ ਹੀ ਫਸ ਗਏ ਹਨ।ਭਗਵੰਤ ਮਾਨ ਅਨੁਸਾਰ ਇਨ੍ਹਾਂ 'ਚ ਜ਼ਿਆਦਾਤਰ ਨੇ ਮਾਰਚ ਤੇ ਅਪ੍ਰੈਲ 2020 ਦੌਰਾਨ ਦੇਸ਼ ਵਾਪਸੀ ਕਰਨੀ ਸੀ, ਅਜਿਹਾ ਨਾ ਹੋਣ ਕਰਕੇ ਹੁਣ ਇਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਿੰਨਾ ਲੋਕਾਂ ਨੂੰ ਕੋਈ ਨਾ ਕੋਈ ਸਿਹਤ ਦੀ ਸਮੱਸਿਆ ਹੈ, ਉਹ ਵਿੱਤੀ ਸੰਕਟ ਦੇ ਨਾਲ-ਨਾਲ ਦਵਾਈਆਂ ਆਦਿ ਦੀ ਕਮੀ ਨਾਲ ਵੀ ਜੂਝ ਰਹੇ ਹਨ। ਬਹੁਤ ਸਾਰੇ ਨਾਗਰਿਕਾਂ ਨੂੰ ਵੀਜ਼ੇ ਦੀ ਮਿਆਦ ਪੂਰੀ ਹੋਣ ਸਮੇਤ ਕਈ ਸਾਰੀਆਂ ਕਾਨੂੰਨੀ ਅੜਚਨਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪ੍ਰਧਾਨ ਮੰਤਰੀ ਨਿੱਜੀ ਦਖ਼ਲ ਦੇਣ ਅਤੇ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕਰਕੇ ਇਨ੍ਹਾਂ ਪੰਜਾਬੀਆਂ (ਭਾਰਤੀਆਂ) ਦੀ ਸੁਰੱਖਿਅਤ ਘਰ ਵਾਪਸੀ ਕਰਾਉਣ।ਭਗਵੰਤ ਮਾਨ ਇਸ ਚਿੱਠੀ ਦੀ ਇੱਕ ਕਾਪੀ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜੀ ਹੈ।