ਦਿੱਲੀ ਹਿੰਸਾ 'ਤੇ ਭਗਵੰਤ ਮਾਨ ਦਾ ਵੱਡਾ ਦਾਅਵਾ, ਕੇਜਰੀਵਾਲ ਨਰਮ, ਭਗਵੰਤ ਗਰਮ
ਏਬੀਪੀ ਸਾਂਝਾ | 05 Mar 2020 05:23 PM (IST)
‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਦਿੱਲੀ ਦੰਗਿਆਂ ਲਈ ਜ਼ਿੰਮੇਵਾਰ ਠਹਿਰਿਆ ਹੈ।
ਚੰਡੀਗੜ੍ਹ: ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਦਿੱਲੀ ਦੰਗਿਆਂ ਲਈ ਜ਼ਿੰਮੇਵਾਰ ਠਹਿਰਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫਿਰਕੂ ਰਾਜਨੀਤੀ ਹੋ ਰਹੀ ਹੈ। ਇਸ ਲਈ ਸੰਸਦ ਦੀ ਕਾਰਵਾਈ ਨਹੀਂ ਚੱਲ ਰਹੀ। ਮਾਨ ਨੇ ਕਿਹਾ ਦਿੱਲੀ ਦੇ ਦੰਗੇ ਭੜਕਾਉਣ ਵਾਲਿਆਂ ਨੂੰ ਜ਼ੈਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਰਟੀ ਸੁਪਰੀਮੋ ਭਗਵੰਤ ਮਾਨ ਨੇ ਇਸ ਮਾਮਲੇ 'ਤੇ ਨਰਮ ਸੁਰ ਅਪਣਾਈ ਹੋਈ ਹੈ। ਦਿੱਲੀ ਵਿੱਚ ‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ਵੱਲੋਂ ਅਦਾਲਤ ਵਿੱਚ ਆਤਮ ਸਮਰਪਣ ਕਰਨ ਬਾਰੇ ਵੀ ਭਗਵੰਤ ਮਾਨ ਨੇ ਕਿਹਾ ਕਿ ਜੇ ਉਹ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਪਿਲ ਮਿਸ਼ਰਾ ਵਰਗੇ ਲੋਕਾਂ 'ਤੇ ਵੀ ਮੁਕੱਦਮਾ ਚਲਾਏ ਜਾਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਪਿਲ ਮਿਸ਼ਰਾ ਵੱਲੋਂ ਦਿੱਤੇ ਗਏ ਭਾਸ਼ਣ ਹੀ ਇਨ੍ਹਾਂ ਦੰਗਿਆਂ ਦਾ ਕਾਰਨ ਬਣੇ ਹਨ। ਮਾਨ ਨੇ ਇਨਾਂ ਦੰਗਿਆਂ ਪਿੱਛੇ ਆਰਐਸਐਸ ਨੂੰ ਵੀ ਦੱਸਿਆ। ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਸੰਸਦ ਦੀ ਕਾਰਵਾਈ ਚੱਲੇਗੀ ਤਾਂ ਉਹ ਅਰੂਸਾ ਆਲਮ ਦੇ ਵੀਜੇ ਦੀ ਜਾਂਚ ਦੀ ਮੰਗ ਕਰਨਗੇ। ਅਰੂਸਾ ਆਲਮ ਲੰਮੇ ਸਮੇਂ ਤੋਂ ਪੰਜਾਬ 'ਚ ਰਹਿ ਰਹੀ ਹੈ।