ਨਵੀਂ ਦਿੱਲੀ: ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸੂਬਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਲੰਬੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ। ਹੁਣ ਇੱਕ ਵਾਰ ਫੇਰ ਬਾਜਵਾ ਨੇ ਕੈਪਟਨ 'ਤੇ ਚਿੱਠੀ ਲਿਖ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਲਿਖਿਆ ਕਿ ਪੰਜਾਬ 'ਚ ਨਸ਼ਾ ਰੋਕਣ ਲਈ ਜੋ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਬਣਾਈ ਗਈ, ਉਸ ਵੱਲੋਂ ਜੋ ਕੋਰਟ ਨੂੰ ਸੀਲਬੰਦ ਲਿਫਾਫੇ 'ਚ ਨਾਂ ਦਿੱਤੇ ਗਏ ਹਨ, ਉਨ੍ਹਾਂ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ।


ਬਾਜਵਾ ਨੇ ਚਿੱਠੀ 'ਚ ਲਿਖਿਆ ਕਿਹਾ ਕਿ ਇਸ ਸੀਲਬੰਦ ਲਿਫਾਫੇ ਨੂੰ ਤੁਰੰਤ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਦੇਸ਼ ਦੀ ਜਨਤਾ ਨੂੰ ਪਤਾ ਲੱਗ ਸਕੇ ਕਿ ਆਖਰ ਸੂਬੇ 'ਚ ਨਸ਼ਾ ਕੌਣ ਫੈਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤਕ ਕਾਰਵਾਈ ਛੋਟੀਆਂ ਮੱਛੀਆਂ 'ਤੇ ਕੀਤੀ ਹੈ ਜਦੋਂਕਿ ਵੱਡੇ ਮਗਰਮੱਛ ਅਜੇ ਬਚੇ ਹੋਏ ਹਨ।

ਸਰਕਾਰ ਨੂੰ ਆਪਣੀ ਏਜੰਸੀਆਂ ਦਾ ਇਸਤੇਮਾਲ ਕਰਕੇ ਉਨ੍ਹਾਂ ਵੱਡੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਜੋ ਵਿਦੇਸ਼ਾਂ 'ਚ ਬੈਠੇ ਹਨ ਤੇ ਨਾਲ ਹੀ ਜੋ ਪੁਲਿਸ ਅਫਸਰ ਤੇ ਨੇਤਾ ਇਸ ਨੈਕਸਸ 'ਚ ਸ਼ਾਮਲ ਹਨ, ਉਨ੍ਹਾਂ ਦੇ ਨਾਂਵਾਂ ਨੂੰ ਪਬਲਿਕ ਕਰ ਉਨ੍ਹਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਦੇ ਨਾਲ ਹੀ ਕਾਂਗਰਸੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਕਾਨੂੰਨ ਮੰਤਰੀ ਨੂੰ ਚਿੱਠੀ ਲਿਖੀ ਹੈ। ਜਲਦ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਜਾਗਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ ਪਰ ਸੂਬੇ 'ਚ ਅਜੇ ਵੀ ਹਾਲਾਤ ਪਹਿਲਾਂ ਵਰਗੇ ਹੀ ਹਨ।