ਅੰਮ੍ਰਿਤਸਰ: ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਵਿੱਚ ਨਿੱਤ ਦਿਨ ਵਧ ਰਹੀਆਂ ਅਪਰਾਧਿਕ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਗੰਵਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤੇ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ।



ਅੰਮ੍ਰਿਤਸਰ ਵਿੱਚ ਕੌਂਸਲਰ ਦੇ ਪੁੱਤਰ ਵੱਲੋਂ ਬੀਤੇ ਦਿਨੀਂ ਸੁਲਤਾਨਵਿੰਡ ਇਲਾਕੇ ਵਿੱਚ ਸ਼ਰੇਆਮ ਗੋਲੀ ਚਲਾ ਕੇ ਇੱਕ ਵਿਅਕਤੀ ਦਾ ਕਤਲ ਕਰ ਦੇਣ ਦੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ, ਜਿਥੇ ਲੱਖਾਂ ਸ਼ਰਧਾਲੂ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਹਨ, ਵਿੱਚ ਨਿੱਤ ਦਿਨ ਲੁੱਟਾਂ-ਖੋਹਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਨਾ ਨਮੋਸ਼ੀਜਨਕ ਹੈ।
ਦੇਸ਼ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਪੰਜਾਬ ਅੱਜ ਕਤਲਾਂ, ਗੈਂਗਵਾਰਾਂ ਤੇ ਧਾਰਮਿਕ ਝੜੱਪਾਂ ਦਾ ਗੜ੍ਹ ਬਣ ਗਿਆ, ਪੰਜਾਬੀਆਂ ਨੇ ਅਜਿਹਾ ਬਦਲਾਅ ਨਹੀਂ ਮੰਗਿਆ ਸੀ: ਸੁਖਬੀਰ ਬਾਦਲ

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ, ਜਿਸ ਦਾ ਵੱਡਾ ਕਾਰਨ ਰਾਜ ਭਾਗ ਸੰਭਾਲਣ ਵਿਚ ਉਨ੍ਹਾਂ ਦੀ ਅਗਿਆਨਤਾ, ਅਸਮਰੱਥਾ ਤੇ ਅਯੋਗਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਿੱਤਾਂ ਦੇ ਫ਼ੈਸਲੇ ਖੁਦ ਲੈਣ ਦੀ ਥਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਨਿਰਭਰ ਰਹਿੰਦੇ ਹਨ ਤੇ ਸੂਬੇ ਦੀ ਵਾਗਡੋਰ ਵੀ ਉਨ੍ਹਾਂ ਦੇ ਹੱਥ ਵਿੱਚ ਹੀ ਹੈ।

ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਕੀ ਇਹ ਕਤਲ, ਗੋਲੀਬਾਰੀ ਤੇ ਨਸ਼ੇ ਨਾਲ ਹੋ ਰਹੀਆਂ ਮੌਤਾਂ ਹੀ ਉਨ੍ਹਾਂ ਵਲੋਂ ਪੰਜਾਬ ਵਿਚ ਲਿਆਂਦਾ ਗਿਆ ਬਦਲਾਅ ਹੈ। ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਕਿ ਸਮਾਂ ਮੰਗ ਕਰਦਾ ਹੈ ਕਿ ਉਹ ਨਿਰਣਾਇਕ ਕਾਰਜ-ਸ਼ੈਲੀ ਅਪਣਾਉਣ ਕਿਉਂਕਿ ਪੰਜਾਬ ਇਸ ਵੇਲੇ ਪੂਰੀ ਤਰ੍ਹਾਂ ਅਰਾਜਕਤਾ ਵਿੱਚ ਜਕੜਿਆ ਜਾ ਚੁੱਕਿਆ ਹੈ।