Punjab News: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੜ੍ਹ ਵਿੱਚ ਜਾ ਕੇ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਰਾਜਾ ਵੜਿੰਗ ਵਿਧਾਨ ਸਭਾ ਵਿੱਚ ਮੇਰੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ। ਉਸ ਦੇ ਆਪਣੇ ਇਲਾਕੇ ਵਿੱਚ ਚਿੱਟਾ ਵਿਕ ਰਿਹਾ ਹੈ। ਮੇਰੀ ਗ੍ਰਿਫਤਾਰੀ ਦੀ ਮੰਗ ਤੋਂ ਪਹਿਲਾਂ ਉਹ ਆਪਣੇ ਇਲਾਕੇ ਵਿੱਚ ਆ ਕੇ ਚਿੱਟਾ ਵਿਕਣਾ ਬੰਦ ਕਰਾਵੇ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਮੁਆਫੀ ਮੰਗਣੀ ਚਾਹਦੀ ਹੈ ਕਿ ਆਪਣੇ ਇਲਾਕੇ ਵਿੱਚ ਚਿੱਟੇ ਤੇ ਕੰਟਰੋਲ ਨਹੀਂ ਕਰ ਸਕਿਆ।


ਹੋਲੀ ਵਾਲੇ ਦਿਨ ਬੁੱਧਵਾਰ ਨੂੰ ਗਿੱਦੜਬਾਹਾ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਸਵਾਲ ਪੁੱਛਿਆ ਗਿਆ ਕਿ ਅਜਨਾਲਾ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਗੁੰਜਿਆ ਹੈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਕਿਉਂ ਲਾਂਉਦੇ ਹਨ। ਜੇ ਮੇਰੀ ਗ੍ਰਿਫਤਾਰੀ ਕਰਕੇ ਲਾ ਰਹੇ ਹਨ ਤਾਂ ਉਸ ਦਾ ਨਾਮ ਬਦਲ ਦੇਣ। ਲੋਕਾਂ ਨੇ ਵੋਟ ਪਾਈ ਹੈ, ਉਨ੍ਹਾਂ ਦੇ ਮੁੱਦੇ ਛੱਡ ਕੇ ਹੋਰ ਮੁੱਦੇ 'ਤੇ ਗੱਲ ਕਰ ਰਹੇ ਹਨ।


 


ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸੋਚਣਾ ਪਏਗਾ। ਜਦੋਂ ਜਿੰਮੇਵਾਰੀ ਪੈ ਜਾਏ ਤਾਂ ਭੱਜਣਾ ਨਹੀਂ ਹੈ। ਆਈਲੈਟਸ ਕਰਕੇ ਕੈਨੇਡਾ ਭੱਜ ਰਹੇ ਨੌਜਵਾਨਾਂ ਨੂੰ ਉੱਥੇ ਕੁੱਝ ਨਹੀਂ ਲੱਭਣਾ। ਕੈਨੇਡਾ ਜਾ ਕੇ ਵੱਸ ਜਾਵਾਂਗੇ ਪਰ ਦਰਬਾਰ ਸਾਹਿਬ ਸਾਡੇ ਹੱਥੋਂ ਖੁੱਸ ਜਾਉ। ਪਹਿਲਾਂ ਹੀ ਬਹੁਤ ਗੁਰਦੁਆਰੇ ਸਾਡੇ ਹੱਥੋਂ ਖੋਹੇ ਜਾ ਚੁੱਕੇ ਹਨ। 



ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਹਥਿਆਰ ਕੈਂਸਲ ਕਰਕੇ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦਾ ਕਤਲ ਵੀ ਇਨ੍ਹਾਂ ਨੇ ਇਸ ਕਰਕੇ ਕਰਵਾ ਦਿੱਤਾ ਕਿਉਂਕਿ ਸਿਕਿਉਰਟੀ ਵਾਪਸ ਲਈ ਸੀ। ਹੁਣ ਉਸ ਦਾ ਪਿਉ ਧਰਨੇ ਤੇ ਬੈਠਾ ਹੈ। ਇਨ੍ਹਾਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।



ਉਨ੍ਹਾਂ ਕਿਹਾ ਕਿ ਆਨੰਦਪੁਰ ਸਾਹਿਬ ਵਿੱਚ ਸਿੱਖ ਨੌਜਵਾਨ ਦਾ ਕਤਲ ਹੋਇਆ ਹੈ। ਉਸ ਨੌਜਵਾਨ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਸੀ। ਤੁਸੀਂ ਦੱਸੋ ਉੱਥੇ ਕਿੱਥੇ ਸ਼ਾਂਤੀ ਭੰਗ ਹੋਈ। ਸਿੱਖ ਨੌਜਵਾਨ ਕਿਸੇ ਨੂੰ ਮਰਿਆਦਾ ਭੰਗ ਕਰਨ ਤੋਂ ਰੋਕੇ ਤਾਂ ਸ਼ਾਂਤੀ ਭੰਗ ਹੋ ਜਾਂਦੀ ਹੈ। ਇਹ ਸਿੱਖਾਂ ਦੇ ਦੁਸ਼ਮਣ ਜਦੋਂ ਸਿੱਖ ਦਾ ਕਤਲ ਹੁੰਦਾ ਹੈ ਤਾਂ ਚੁੱਪ ਕਰਕੇ ਬੈਠ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਹੈ ਤਾਂ ਇਹ ਸਾਰੇ ਬਾਹਰ ਆ ਕੇ ਸਿੱਖਾਂ ਦਾ ਵਿਰੋਧ ਕਰਦੇ ਹਨ।



ਆਈਐਸਆਈ ਨਾਲ ਮੀਟਿੰਗ ਦੇ ਸਵਾਲ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਮੀਟਿੰਗ ਬਾਰੇ ਉਨ੍ਹਾਂ ਨੂੰ ਤੁਸੀਂ ਪੁੱਛੋ ਕਿ ਉਹ ਲਾਗੇ ਬੈਠੇ ਸੀ। ਜਦੋਂ ਬੀਬੀ ਪਾਕਿਸਤਾਨ ਤੋਂ ਆ ਕੇ ਪੰਜ ਸਾਲ ਇੱਥੇ ਬੈਠੀ ਰਹੀ, ਉਦੋਂ ਤੁਹਾਨੂੰ ਨਹੀਂ ਪਤਾ ਲੱਗਿਆ ਕਿ ਆਈਸੀਆਈ ਕੀ ਕਰ ਰਹੀ ਹੈ। ਉਨ੍ਹਾਂ ਨੇ ਬਿਕਰਮ ਮਜੀਠੀਆ ਨੂੰ ਚਿੱਟੇ ਨਾਲ ਲੋਕਾਂ ਦੇ ਪੁੱਤ ਮਾਰਨ ਵਾਲਾ ਦੱਸਿਆ।