ਦੱਸ ਦੇਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੀਨੇ ਕਾਂਗੜ ਵਿਚ ਪਿੱਛੇ ਆ ਰਹੀ ਸ਼ਾਹੀ ਫੌਜ ਦਾ ਟਾਕਰਾ ਕਰਨ ਲਈ ਤਿਆਰੀਆਂ ਕਰ ਰਹੇ ਸਨ ਤਾਂ ਭਾਈ ਚੜ੍ਹਤ ਸਿੰਘ ਦਾ ਭਰਾ ਬਾਬਾ ਦਾਨ ਸਿੰਘ ਬਹੁਤ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਹਾਜ਼ਰ ਹੋਇਆ ਤੇ ਖਾਲਸਾ ਫੌਜ ਵਿਚ ਸ਼ਾਮਲ ਹੋ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਕੋਟਕਪੂਰਾ ਪਹੁੰਚੇ ਤਾਂ ਕਪੂਰੇ ਤੋਂ ਆਰਾਮ ਵਾਸਤੇ ਗੜ੍ਹੀ ਮੰਗੀ ਪਰ ਕਪੂਰੇ ਨੇ ਮੁਗਲਾਂ ਦੇ ਡਰ ਤੋਂ ਗੜ੍ਹੀ ਦੇਣ ਤੋਂ ਇਨਕਾਰ ਕਰ ਦਿੱਤਾ। ਕਪੂਰਾ ਗੁਰੂ-ਘਰ ਦਾ ਅਨਿੰਨ ਸੇਵਕ ਸੀ।
ਅਨੰਦਪੁਰ ਸਾਹਿਬ ਵਿਖੇ ਵਧੀਆ ਨਸਲ ਦੇ ਘੋੜੇ ਤੇ ਸ਼ਸਤਰ, ਧਨ ਆਦਿ ਦੀ ਸੇਵਾ ਗੁਰੂ ਜੀ ਦੀ ਕਰਦਾ ਸੀ। ਚੌਧਰੀ ਕਪੂਰੇ ਨੇ ਗੁਰੂ ਜੀ ਦਾ ਹੁਕਮਨਾਮਾ ਪੜ੍ਹ ਕੇ ਆਪਣੇ ਘੋੜਸਵਾਰ ਬਾਬਾ ਦਾਨ ਸਿੰਘ ਵੱਲ ਭੇਜ ਦਿੱਤੇ। ਭਾਈ ਦਾਨ ਸਿੰਘ ਤੇ ਚੌਧਰੀ ਕਪੂਰੇ ਨੂੰ ਜਦ ਪਤਾ ਲੱਗਾ ਕਿ ਬਾਈਧਾਰ ਦੇ ਰਾਜੇ ਗੁਰੂ ਸਾਹਿਬ ਉੱਪਰ ਚੜ੍ਹਾਈ ਕਰਕੇ ਆ ਰਹੇ ਹਨ ਤਾਂ ਭਾਈ ਦਾਨ ਸਿੰਘ ਨੇ ਗੁਰੂ ਸਾਹਿਬ ਦੇ ਟਿਕਾਣੇ ਤੋਂ ਕੁਝ ਕਿਲੋਮੀਟਰ ਪਹਿਲਾਂ ਹੋ ਕੇ ਜ਼ਾਲਮਾਂ ਨਾਲ ਯੁੱਧ ਕੀਤਾ। ਮੁਕਤਸਰ ਦੀ ਜੰਗ ਵਿਚ ਬਹੁਤ ਬਹਾਦਰੀ ਦਿਖਾਈ ਅਤੇ ਲੋਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਹੀ ਗੁਰੂ ਜੀ ਨੂੰ ਇਸ ਜੰਗ (ਯੁੱਧ) ਵਿਚ ਫਤਹਿ ਹਾਸਲ ਹੋਈ।