ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਦੀਆਂ ਦੋ ਫਾਈਲਾਂ ਗਾਇਬ ਹੋ ਗਈਆਂ ਹਨ। ਇਕ ਫਾਈਲ ਦਾਗੀ ਅਧਿਕਾਰੀ ਰਾਕੇਸ਼ ਸਿੰਗਲਾ ਨੂੰ ਕੇਂਦਰੀ ਵਿਜੀਲੈਂਸ ਕਮੇਟੀ (CVC) ਦਾ ਚੇਅਰਮੈਨ ਬਣਾਉਣ ਦੀ ਹੈ। ਉੱਥੇ ਹੀ ਦੂਜੀ ਫਾਈਲ ਰਾਕੇਸ਼ ਸਿੰਗਲਾ ਨੂੰ ਟੈਂਡਰ ਅਲਾਟਮੈਂਟ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਹੈ।



ਦਰਅਸਲ 'ਚ ਰਾਕੇਸ਼ ਸਿੰਗਲਾ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਦਾ ਵੀ ਮੁਲਜ਼ਮ ਹੈ। ਹਾਲਾਂਕਿ ਘੁਟਾਲੇ ਦੀ ਜਾਂਚ ਦਾ ਪਤਾ ਲੱਗਦਿਆਂ ਹੀ ਉਹ ਵਿਦੇਸ਼ ਭੱਜ ਗਿਆ। ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ   ਰਾਕੇਸ਼ ਸਿੰਗਲਾ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਰਾਕੇਸ਼ ਸਿੰਗਲਾ ਨੇ ਨੌਕਰੀ ਦੌਰਾਨ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ।

ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਇਹ ਦੋਵੇਂ ਫਾਈਲਾਂ ਮੰਗੀਆਂ ਸਨ। ਇਸ ਤੋਂ ਬਾਅਦ ਕਰੀਬ ਇੱਕ ਹਫ਼ਤੇ ਤੱਕ ਫਾਈਲਾਂ ਦੀ ਤਲਾਸ਼ੀ ਲਈ ਗਈ। ਫਿਰ ਵੀ ਫਾਈਲਾਂ ਨਹੀਂ ਮਿਲੀਆਂ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਫਾਈਲਾਂ ਨਾ ਮਿਲਣ 'ਤੇ ਸਾਰੇ ਕਰਮਚਾਰੀਆਂ ਤੋਂ ਸਰਟੀਫਿਕੇਟ ਲਏ ਜਾ ਰਹੇ ਹਨ ਕਿ ਇਹ ਫਾਈਲਾਂ ਲੱਭੀਆਂ ਨਹੀਂ ਜਾ  ਸਕਦੀਆਂ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ।

ਦੱਸ ਦੇਈਏ ਕਿ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 22 ਅਗਸਤ ਦੀ ਰਾਤ ਨੂੰ ਇੱਕ ਸੈਲੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਵਿਜੀਲੈਂਸ ਦੇ ਰਿਮਾਂਡ 'ਤੇ ਹੈ। ਚਾਰ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਇੱਕ ਵਾਰ ਫਿਰ ਦੋ ਦਿਨ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ ਹੈ। ਗੁਰਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਆਸ਼ੂ ਵਿਰੁੱਧ ਸ਼ਿਕਾਇਤ ਕੀਤੀ ਸੀ ਕਿ ਆਸ਼ੂ ਨੇ ਆਪਣੇ ਕੁਝ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਟੈਂਡਰ ਵੰਡਣ ਵਿੱਚ ਧਾਂਦਲੀ ਕੀਤੀ ਸੀ।

ਇਸ ਮਾਮਲੇ ਵਿੱਚ ਠੇਕੇਦਾਰ ਤੇਲੂਰਾਮ ਪੁਲੀਸ ਹਿਰਾਸਤ ਵਿੱਚ ਹੈ, ਜਿਸ ਤੋਂ ਪੁੱਛਗਿੱਛ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਨਾਂ ਸਾਹਮਣੇ ਆਇਆ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਤੇਲੂ ਰਾਮ ਨੇ ਉਕਤ ਕੰਮ ਲਈ ਕਰੀਬ 25 ਕਰੋੜ ਰੁਪਏ ਦੀ ਰਕਮ ਲਈ ਸੀ। ਉਨ੍ਹਾਂ ਦੱਸਿਆ ਕਿ ਗੇਟ ਪਾਸਾਂ 'ਤੇ ਸਕੂਟਰਾਂ, ਕਾਰਾਂ ਆਦਿ ਦੇ ਨੰਬਰ ਵੀ ਲਿਖੇ ਹੋਏ ਸਨ ਪਰ ਉਕਤ ਅਧਿਕਾਰੀਆਂ ਨੇ ਇਨ੍ਹਾਂ ਗੇਟ ਪਾਸਾਂ 'ਚ ਦਰਜ ਮਟੀਰੀਅਲ ਦੀ ਅਦਾਇਗੀ ਠੇਕੇਦਾਰਾਂ ਨੂੰ ਕਰ ਦਿੱਤੀ, ਜਿਸ ਨਾਲ ਅਨਾਜ ਦੀ ਚੋਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ।