ਮੋਹਾਲੀ : ਮੋਹਾਲੀ 'ਚ ਇੱਕ 82 ਸਾਲਾ ਬਜ਼ੁਰਗ ਚਾਰ ਦਿਨਾਂ ਤੋਂ ਆਪਣੇ ਮ੍ਰਿਤਕ ਪੁੱਤਰ ਕੋਲ ਬੇਹੋਸ਼ ਪਿਆ ਸੀ। ਜਦੋਂ ਘਰ 'ਚੋਂ ਬਦਬੂ ਆਉਣ ਲੱਗੀ ਤਾਂ ਗੁਆਂਢੀਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੀ.ਸੀ.ਆਰ. ਦੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਨੌਜਵਾਨ ਮ੍ਰਿਤਕ ਪਿਆ ਸੀ, ਜਦਕਿ ਪਿਤਾ ਲਾਸ਼ ਕੋਲ ਬੇਹੋਸ਼ੀ ਦੀ ਹਾਲਤ 'ਚ ਪਿਆ ਸੀ।
ਇਹ ਮਾਮਲਾ ਸੋਮਵਾਰ ਨੂੰ ਫੇਜ਼-1 ਦੇ ਮਕਾਨ ਨੰਬਰ ਐਚਬੀ-104 ਵਿੱਚ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (36) ਵਾਸੀ ਫੇਜ਼-1 ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ, ਜਦੋਂਕਿ ਬਜ਼ੁਰਗ ਬਲਵੰਤ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਹ ਅਜੇ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ। ਥਾਣਾ ਫੇਜ਼-1 ਦੀ ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਬਲਵੰਤ ਸਿੰਘ ਅਤੇ ਉਸ ਦਾ ਲੜਕਾ ਸੁਖਵਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਘਰ ਵਿੱਚ ਰਹਿ ਰਹੇ ਸਨ। ਬਜੁਰਗ ਟੈਲੀਕਾਮ ਵਿਭਾਗ ਦਿੱਲੀ ਤੋਂ ਸੇਵਾਮੁਕਤ ਸਨ, ਜਦਕਿ ਉਨ੍ਹਾਂ ਦਾ ਪੁੱਤਰ ਗੱਡੀ ਚਲਾਉਂਦਾ ਸੀ। ਬਜ਼ੁਰਗ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮੌਕੇ 'ਤੇ ਪਹੁੰਚੇ ਫੇਜ਼-4 ਦੇ ਰਹਿਣ ਵਾਲੇ ਕਮਲਪ੍ਰੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵੇਂ ਪਿਓ-ਪੁੱਤ ਬਾਹਰੋਂ ਖਾਣਾ ਲਿਆ ਕੇ ਖਾਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਦੇ ਠੀਕ ਹੋਣ 'ਤੇ ਸੱਚਾਈ ਸਾਹਮਣੇ ਆ ਜਾਵੇਗੀ।
ਬੇਟੇ ਨੂੰ ਲਿਆ ਸੀ ਗੋਦ
ਇਸ ਦੌਰਾਨ ਬਜ਼ੁਰਗ ਬਲਵੰਤ ਸਿੰਘ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਅਸਲ ਵਿੱਚ ਬਲਵੰਤ ਸਿੰਘ ਦਾ ਲੜਕਾ ਨਹੀਂ ਸੀ। ਉਸ ਨੇ ਆਪਣੀ ਭਰਜਾਈ ਤੋਂ ਗੋਦ ਲਿਆ ਸੀ। ਉਸ ਸਮੇਂ ਸੁਖਵਿੰਦਰ ਦੀ ਉਮਰ ਸਿਰਫ਼ ਤਿੰਨ ਸਾਲ ਸੀ। ਸੁਖਵਿੰਦਰ ਨੂੰ ਬਲਵੰਤ ਸਿੰਘ ਨੇ ਪਾਲਿਆ। ਬਲਵੰਤ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਕਾਫੀ ਟੁੱਟ ਗਿਆ ਸੀ।