ਜਲੰਧਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਆਖਰ ਸ਼ਾਹਕੋਟ ਦੇ ਮੈਦਾਨ ਵਿੱਚ ਆ ਡਟੇ ਹਨ। ਚੋਣਾਂ ਸਮੇਂ ਵਿਦੇਸ਼ ਚਲੇ ਜਾਣ ਤੇ ਪਾਰਟੀ ਨੂੰ ਅਧਵਾਟੇ ਛੱਡ ਜਾਣ ਦੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਦੱਸ ਕੇ ਹੀ ਵਿਦੇਸ਼ ਗਏ ਸਨ। ਸ਼ਾਹਕੋਟ ਪਹੁੰਚੇ ਮਾਨ ਨੇ ਜਿੱਥੇ ਕਾਂਗਰਸ ਸਰਕਾਰ ਦਾ ਵਿਰੋਧ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਉੱਥੇ ਹੀ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਚਾਅ ਵੀ ਕਰ ਗਏ। ਸੰਗਰੂਰ ਤੋਂ ਸੰਸਦ ਮੈਂਬਰ ਨੇ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਵਾਸਤੇ ਵੋਟਾਂ ਮੰਗੀਆਂ।

 

'ਆਪ' ਆਗੂ ਨੇ ਨਵਜੋਤ ਸਿੰਘ ਸਿੱਧੂ ਦੇ ਪੁੱਤਰ ਦੀ ਸਰਕਾਰੀ ਵਕੀਲਾਂ ਦੇ ਪੈਨਲ ਵਿੱਚ ਚੋਣ ਹੋਣ ਬਾਰੇ ਕਿਹਾ ਕਿ ਜੇ ਸਿੱਧੂ ਦਾ ਪੁੱਤ ਕਾਬਲ ਹੈ ਤਾਂ ਲੱਗਣਾ ਚਾਹੀਦਾ ਹੈ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਧਰਮਿੰਦਰ ਦਾ ਮੁੰਡਾ ਫ਼ਿਲਮਾ ਵਿੱਚ ਆ ਜਾਂਦਾ ਹੈ ਤਾਂ ਲੋਕ ਗੱਲਾਂ ਕਰਦੇ ਹਨ। ਲੋਕ ਜੱਜ ਕਰਦੇ ਹਨ ਕਿ ਉਸ ਵਿੱਚ ਕਾਬਲੀਅਤ ਹੈ ਜਾਂ ਨਹੀਂ।

ਸ਼ਾਹਕੋਟ ਚੋਣ ਵਿੱਚ ਕਾਂਗਰਸੀ ਉਮੀਦਵਾਰ ਉੱਪਰ ਕੇਸ ਦਰਜ ਹੋਣ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਇਆ ਕਿ ਜਿਸ 'ਤੇ ਕੇਸ ਦਰਜ ਹੋਇਆ, ਉਹ ਬਾਹਰ ਹੈ ਤੇ ਜਿਸ ਨੇ ਕੇਸ ਦਰਜ ਕੀਤਾ, ਉਹ ਅੰਦਰ ਹੈ। ਭਗਵੰਤ ਮਾਨ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਹ ਦਿੱਲੀ ਤੋਂ ਸਿੱਧਾ ਇੱਥੇ ਚੋਣ ਪ੍ਰਚਾਰ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਗ਼ੈਰਹਾਜ਼ਰੀ ਵਿੱਚ ਵੀ ਸਾਡੇ ਵਰਕਰਾਂ, ਵਿਧਾਇਕਾਂ ਤੇ ਹੋਰ ਲੀਡਰਾਂ ਨੇ ਚੰਗਾ ਕੰਮ ਕੀਤਾ ਹੈ।

ਪਾਰਟੀ ਦੇ ਭਵਿੱਖ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਨਵੀਂ ਪਾਰਟੀ ਹੈ, ਹੌਲੀ-ਹੌਲੀ ਬਣੇਗੀ। 'ਆਪ' ਆਪਣੀਆਂ ਨੀਤੀਆਂ 'ਤੇ ਖੜ੍ਹੀ ਹੈ ਤੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਲੋਕ ਸਾਨੂੰ ਵੋਟ ਦੇਣਗੇ। ਮੁੱਖ ਮੰਤਰੀ ਦੇ ਪਹਾੜਾਂ ਦੀ ਸੈਰ ਬਾਰੇ ਆਪਣੇ ਲਹਿਜ਼ੇ ਵਿੱਚ ਮਾਨ ਨੇ ਕਿਹਾ ਕਿ ਪੰਜਾਬ ਸਾਰਾ ਗਰਮੀ ਨਾਲ ਮਰ ਰਿਹਾ ਹੈ ਤੇ ਕੈਪਟਨ ਸਾਹਿਬ ਨੂੰ ਪਤਾ ਲੱਗਿਆ ਠੰਢ ਲੱਗ ਗਈ। ਉਨ੍ਹਾਂ ਤਨਜ਼ ਕੱਸਿਆ ਕਿ ਰਾਜਾ ਕਿਸੇ ਹੋਰ ਦੁੱਖ ਵਿੱਚ ਹੈ, ਲੋਕ ਕਿਸੇ ਹੋਰ ਦੁੱਖ ਵਿੱਚ ਹਨ।

ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਵਾਲੀ ਗੱਲ ਮੁੜ ਦੁਹਰਾਉਂਦਿਆਂ ਕਿਹਾ ਕਿ ਅਕਾਲੀ ਤੇ ਕਾਂਗਰਸ ਆਪਸ ਵਿੱਚ ਰਲ਼ੇ ਹੋਏ ਹਨ, ਇਹ ਦੋਵਾਂ ਦੇ ਗਠਜੋੜ ਦੀ ਸਰਕਾਰ ਹੈ। ਆਪਣੇ ਪਾਰਟੀ ਛੱਡਣ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਤੇ ਨਹੀਂ ਜਾ ਰਹੇ। ਜੇ ਕਾਂਗਰਸ ਵਿੱਚ ਜਾਣਾ ਹੁੰਦਾ ਤਾਂ ਪਹਿਲਾਂ ਹੀ ਚਲੇ ਜਾਂਦੇ। ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਵਿੱਚ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਆਉਣਾ ਸੀ ਪਰ ਕਿਸੇ ਕਾਰਨ ਉਹ ਨਹੀਂ ਆ ਸਕੇ। ਉਨਾਂ ਦੀ ਥਾਂ ਭਗਵੰਤ ਮਾਨ ਨੇ ਮੋਰਚਾ ਸਾਂਭਿਆ।