ਢੱਡਰੀਆਂ ਵਾਲੇ ਵੱਲੋਂ ਜ਼ਮੀਨ, ਜਾਇਦਾਦ ਪੰਥ ਨੂੰ ਦੇਣ ਦਾ ਐਲਾਨ
ਏਬੀਪੀ ਸਾਂਝਾ | 25 May 2018 03:19 PM (IST)
ਪਟਿਆਲਾ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ 'ABP ਸਾਂਝਾ' ਕੋਲ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ, "ਸ੍ਰੀ ਅਕਾਲ ਤਖ਼ਤ ਸਾਰੀਆਂ ਸੰਪਰਦਾਵਾਂ ਨੂੰ ਪੰਥ ਦੇ ਇੱਕ ਝੰਡੇ ਥੱਲੇ ਇਕੱਠਾ ਕਰੇ ਤਾਂ ਮੈਂ ਆਪਣੇ ਅਸਥਾਨ ਪ੍ਰਮੇਸ਼ਵਰ ਦਵਾਰ ਦਾ ਸਭ ਕੁਝ (ਜ਼ਮੀਨ, ਜਾਇਦਾਦ) ਪੰਥ ਨੂੰ ਦੇ ਦੇਵਾਂਗਾ। ਬਾਕੀ ਭਾਵੇਂ ਬਾਅਦ ਵਿੱਚ ਦੇ ਦੇਣ। ਹੁਣ ਬਲਾਉਣਾ ਅਕਾਲ ਤਖ਼ਤ ਦਾ ਕੰਮ ਹੈ।" ਉਨ੍ਹਾਂ ਕਿਹਾ, "ਜੇ ਮੈਂ ਸੁਰੱਖਿਆ ਨਾ ਲਵਾਂ ਤਾਂ ਮੈਨੂੰ ਇਹ ਮਾਰ ਦੇਣਗੇ। ਮੈਨੂੰ ਸਿੱਧੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।" ਉਨ੍ਹਾਂ ਕਿਹਾ, "ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾਂ ਪਹਿਲਾਂ ਜਨਤਕ ਤੌਰ 'ਤੇ ਮਾਫ਼ੀ ਮੰਗਣ। ਆਪਣੇ ਲੋਕਾਂ ਤੋਂ ਗੁੰਡਾਗਰਦੀ ਕਰਵਾਉਣੀ ਬੰਦ ਕਰਵਾਉਣ। ਮੈਂ ਖੁਦ ਉਨ੍ਹਾਂ ਨਾਲ ਗੱਲ ਕਰ ਲਵਾਂਗੇ।" ਢੱਡਰੀਆਂ ਵਾਲੇ ਨੇ ਕਿਹਾ, "ਮੈਂ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ, ਉਹ ਹੀ ਮੈਨੂੰ ਤੰਗ ਕਰਦੇ ਹਨ। ਲੜਾਈ ਉਨ੍ਹਾਂ ਨੇ ਸ਼ੁਰੂ ਕੀਤੀ ਹੈ। ਮੈਂ ਧਰਮ ਨੂੰ ਲੋਕਾਂ ਦੀ ਸੇਵਾ ਲਈ ਸਮਝਦਾ ਹਾਂ ਤੇ ਸਿਰਫ ਪਾਠ ਪੂਜਾ ਨਹੀਂ ਲੋਕਾਂ ਲਈ ਕੰਮ ਕਰਨਾ ਜ਼ਰੂਰੀ ਹੈ। ਮੈਂ ਕਦੇ ਸਰੋਵਰ ਤੇ ਲੰਗਰ ਦੇ ਖਿਲਾਫ ਨਹੀਂ ਬੋਲਿਆ। ਮੈਂ ਕਿਹਾ ਸੀ ਪਾਣੀ ਦੇ ਨਾਲ ਬਾਣੀ ਵੀ ਲੈ ਕੇ ਆਓ।"