ਕੈਪਟਨ ਦੀ ਚੇਤਾਵਨੀ ਮਗਰੋਂ ਟਕਸਾਲ ਨੇ ਪੈਰ ਪਿਛਾਂਹ ਖਿੱਚੇ
ਏਬੀਪੀ ਸਾਂਝਾ | 25 May 2018 11:56 AM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੇਤਾਵਨੀ ਮਗਰੋਂ ਦਮਦਮੀ ਟਕਸਾਲ ਨੇ ਆਪਣੇ ਮੁਖੀ ਹਰਨਾਮ ਸਿੰਘ ਖਾਲਸਾ ਦਾ ਸਬੰਧ ਚਰਨਜੀਤ ਸਿੰਘ ਜੱਸੋਵਾਲ ਦੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਬਿਆਨ ਦੇ ਨਾਲੋਂ ਤੋੜ ਲਿਆ ਹੈ। ਦਮਦਮੀ ਟਕਸਾਲ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਜੱਸੋਵਾਲ ਦੀ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਵੀਡੀਓ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਕਾਬਲੇਗੌਰ ਹੈ ਕਿ 20 ਮਈ ਨੂੰ ਵਾਇਰਲ ਹੋਈ ਵੀਡੀਓ ਵਿੱਚ ਦਮਦਮੀ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁੱਖ ਮੰਤਰੀ ਨੇ ਜੱਸੋਵਾਲ ਦੀ ਵੀਡੀਓ ਨਾਲ ਸਬੰਧਤ ਰਿਪੋਰਟਾਂ ਦਾ ਨੋਟਿਸ ਲਿਆ ਹੈ। ਇਸ ਮਾਮਲੇ ਸਬੰਧੀ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਪਟਨ ਨੇ ਦਮਦਮੀ ਟਕਸਾਲ ਨੂੰ ਆਪਣੀਆਂ ਧਾਰਮਿਕ ਹੱਦਾਂ ਨਾ ਟੱਪਣ ਲਈ ਆਖਿਆ ਹੈ। ਦੂਜੇ ਪਾਸੇ ਵੀਡੀਓ ਦੇ ਜਵਾਬ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਵੀ 30 ਮਿੰਟ ਲੰਬੀ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਹੈ, ਜਿਸ ਵਿੱਚ ਚੇਤਾਵਨੀਆਂ ਨੂੰ ਧਾਰਮਿਕ ਗੁੰਡਾਗਰਦੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਧਾਰੀ ਚੁੱਪ ਉੱਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਚਾਰ ਗੁਰਬਾਣੀ ਦੇ ਹਵਾਲਿਆਂ ਉੱਤੇ ਅਧਾਰਤ ਹੈ। ਉਧਰ, ਦਮਦਮੀ ਟਕਸਾਲ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਟਕਸਾਲ ਦੇ ਸਤਿਕਾਰ ਨੂੰ ਸੱਟ ਮਾਰਨ ਦੀ ਕਾਰਵਾਈ ਬਰਾਬਰ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ ਜਿਸ ਲਹਿਜ਼ੇ ਵਿੱਚ ਚਿਤਾਵਨੀ ਦਿੱਤੀ ਹੈ, ਉਸ ਤੋਂ ਸਪੱਸ਼ਟ ਹੈ ਕਿ ਟਕਸਾਲ ਤੇ ਉਸ ਦੇ ਮੁਖੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।