ਮਾਨਸਾ: ਅਕਾਲੀ ਲੀਡਰ ਦਿਨ-ਦਿਹਾੜੇ ਕਿਸਾਨ ਤੋਂ ਤਿੰਨ ਲੱਖ ਰੁਪਏ ਖੋਹ ਕੇ ਫਰਾਰ ਹੋ ਗਿਆ ਜਿਸ ਨੂੰ ਕੁਝ ਹੀ ਮਿੰਟਾਂ ਵਿੱਚ ਪੁਲਿਸ ਨੇ ਦਬੋਚ ਲਿਆ। ਬਲਾਕ ਸਮਿਤੀ ਭੀਖੀ ਦਾ ਅਕਾਲੀ ਚੇਅਰਮੈਨ ਪਰਗਟ ਸਿੰਘ ਖੀਵਾ ਤੇ ਉਸ ਦਾ ਸਾਥੀ ਕਿਸਾਨ ਤੋਂ ਤਿੰਨ ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਪਤਾ ਲੱਗਦਿਆਂ ਹੀ ਪੁਲਿਸ ਨੇ ਉਨ੍ਹਾਂ ਨੂੰ ਦਬੋਚ ਲਿਆ। ਇਸ ਮਗਰੋਂ ਖੀਵਾ ਤੇ ਉਸ ਦੇ ਸਾਥੀ ਅਮਰਜੀਤ ਸਿੰਘ ਨੂੰ ਲੋਕਾਂ ਨੇ ਖੂਬ ਕੁਟਾਪਾ ਚਾੜ੍ਹਿਆ।
ਹਾਸਲ ਜਾਣਕਾਰੀ ਮੁਤਾਬਕ ਵੀਰਵਾਰ ਦੁਪਹਿਰੇ ਪਿੰਡ ਭੰਮੇ ਕਲਾਂ ਵਾਸੀ ਜੱਗ ਸਿੰਘ ਨੇ ਮਾਨਸਾ ਦੇ ਬੈਂਕ ਵਿੱਚੋਂ 3 ਲੱਖ ਰੁਪਏ ਕੱਢਵਾਏ ਸਨ। ਉਹ ਪੈਸਿਆਂ ਵਾਲਾ ਬੈਗ ਲੈ ਕੇ ਤੁਰਿਆ ਤਾਂ ਸਿਵਲ ਹਸਪਤਾਲ ਨੇੜੇ ਸਕੌਡਾ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੇ ਉਸ ਕੋਲੋਂ ਬੈਗ ਖੋਹ ਲਿਆ ਤੇ ਫਰਾਰ ਹੋ ਗਏ।
ਕਿਸਾਨ ਵੱਲੋਂ ਘਟਨਾ ਦੀ ਜਾਣਕਾਰੀ ਨੇੜੇ ਹੀ ਤਾਇਨਾਤ ਟ੍ਰੈਫ਼ਿਕ ਪੁਲਿਸ ਦੇ ਹੌਲਦਾਰ ਨੂੰ ਦੇਣ ਮਗਰੋਂ ਉਨ੍ਹਾਂ ਕਾਰ ਸਵਾਰਾਂ ਪਿੱਛੇ ਮੋਟਰਸਾਈਕਲ ਲਾ ਲਿਆ। ਉਨ੍ਹਾਂ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਥੋੜ੍ਹਾ ਅੱਗ ਜਾ ਕੇ ਕਾਰ ਦਾ ਟਾਇਰ ਫਟ ਗਿਆ ਤੇ ਅੱਗਿਉਂ ਹੋਰ ਵਾਹਨ ਆਉਣ ’ਤੇ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਇਸ ਦੌਰਾਨ ਪੁਲਿਸ ਨੇ ਲੁੱਟੀ ਹੋਈ ਤਿੰਨ ਲੱਖ ਦੀ ਰਕਮ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੀ ਸਕੌਡਾ ਕਾਰ ਵਿੱਚੋਂ ਪੁਲਿਸ ਨੇ ਨਿਹੰਗਾਂ ਦੇ ਦੋ ਚੋਲੇ, ਸੁੱਕੀ ਤੇ ਪੀਸੀ ਹੋਈ ਲਾਲ ਮਿਰਚ ਦਾ ਪਾਊਡਰ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।