ਗਗਨਦੀਪ ਸ਼ਰਮਾ

ਅੰਮ੍ਰਿਤਸਰ: ਦਿੱਲੀ ਸਿੱਖ ਕਤਲੇਆਮ ਵਿੱਚ ਆਪਣੇ ਪਤੀ ਕੇਹਰ ਸਿੰਘ, ਪੁੱਤਰ ਗੁਰਪ੍ਰੀਤ ਸਿੰਘ ਤੇ ਤਿੰਨ ਭਰਾਵਾਂ ਨਰਿੰਦਰ ਸਿੰਘ ਕੁਲਦੀਪ ਸਿੰਘ ਤੇ ਰਤਵੀਰ ਸਿੰਘ ਨੂੰ ਗਵਾਉਣ ਵਾਲੀ ਬੀਬੀ ਜਗਦੀਸ਼ ਕੌਰ ਨੇ 'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਅਜਿਹਾ ਲੱਗਦਾ ਸੀ ਕਿ ਉਨ੍ਹਾਂ ਨੂੰ ਇਨਸਾਫ਼ ਹੀ ਨਹੀਂ ਮਿਲੇਗਾ। ਉਨ੍ਹਾਂ ਨੂੰ ਲੱਗਦਾ ਸੀ ਕਿ ਸੱਜਣ ਕੁਮਾਰ ਬਹੁਤ ਤਾਕਤਵਰ ਵਿਅਕਤੀ ਸੀ ਤੇ ਸੀਬੀਆਈ ਵਰਗੀਆਂ ਏਜੰਸੀਆਂ ਤੋਂ ਵੀ ਨਹੀਂ ਡਰਦਾ ਸੀ।

ਜਗਦੀਸ਼ ਕੌਰ ਨੇ ਇੱਥੋਂ ਤੱਕ ਵੀ ਆਖਿਆ ਕਿ ਉਨ੍ਹਾਂ ਨੂੰ ਕਈ ਵਾਰ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਸੀ ਤੇ ਕਈ ਵਾਰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਪਰ ਉਹ ਇਨਸਾਫ ਲਈ ਡਟੇ ਰਹੇ। ਜਗਦੀਸ਼ ਕੌਰ ਨੇ ਭਰੇ ਮਨ ਨਾਲ ਆਖਿਆ ਕਿ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਸਭ ਕੁਝ ਛੱਡ ਕੇ ਭਾਰਤ ਆਇਆ ਸੀ।

ਉਨ੍ਹਾਂ ਕਿਹਾ ਕਿ ਉਹ ਬੇਗਾਨਿਆਂ ਵਿੱਚੋਂ ਸਭ ਕੁਝ ਛੱਡ ਕੇ ਆਪਣਿਆਂ ਵਿੱਚ ਆਏ ਸੀ ਪਰ ਆਪਣਿਆਂ ਨੇ ਜੋ ਜ਼ਖ਼ਮ ਦਿੱਤੇ, ਉਹ ਨਾਸੂਰ ਬਣ ਕੇ ਅੱਜ ਵੀ ਚੁੱਭਦੇ ਹਨ। ਸਾਰਾ ਪਰਿਵਾਰ ਗੁਆ ਕੇ ਜਦੋਂ ਕੇਸ ਦੀ ਪੈਰਵਾਈ ਕਰਨ ਜਾਂਦੇ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਡਰਾਇਆ-ਧਮਕਾਇਆ ਵੀ ਜਾਂਦਾ ਸੀ ਪਰ ਅੱਜ ਸੱਜਣ ਕੁਮਾਰ ਦੇ ਜੇਲ੍ਹ ਜਾਣ ਨਾਲ ਉਨ੍ਹਾਂ ਦਾ ਵਿਸ਼ਵਾਸ ਕੁਝ ਬਣਿਆ ਹੈ।

ਜਗਦੀਸ਼ ਕੌਰ ਨੇ ਨਾਲ ਹੀ ਮੰਗ ਕੀਤੀ ਕਿ ਦੇਸ਼ ਵਿੱਚ ਦੰਗਿਆਂ ਸਬੰਧੀ ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਕੇਸ ਦੀ ਰੋਜ਼ਾਨਾ ਸੁਣਵਾਈ ਹੋਵੇ ਤੇ ਛੇਤੀ ਤੋਂ ਛੇਤੀ ਇਨ੍ਹਾਂ ਦੇ ਫ਼ੈਸਲੇ ਆਉਣ ਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲੇ। ਜਗਦੀਸ਼ ਕੌਰ ਨੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਦੰਗਿਆਂ ਸਬੰਧੀ ਕੇਸਾਂ ਦੇ ਛੇਤੀ ਨਿਬੇੜੇ ਦੀ ਛੇਤੀ ਵਿਵਸਥਾ ਹੋਵੇ।

ਐਚਐਸ ਫੂਲਕਾ ਬਾਰੇ ਚੁਰਾਸੀ ਕਤਲੇਆਮ ਸਬੰਧੀ ਸਮੇਂ-ਸਮੇਂ 'ਤੇ ਉੱਡਦੀਆਂ ਗੱਲਾਂ ਬਾਰੇ ਜਗਦੀਸ਼ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਕੇਸ ਵਿੱਚ ਐਚਐਸ ਫੂਲਕਾ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਭਾਵੇਂ ਨਾਨਾਵਤੀ ਕਮਿਸ਼ਨ ਹੋਵੇ ਜਾਂ ਰੰਗਾਨਾਥ ਕਮਿਸ਼ਨ ਹਰ ਜਗ੍ਹਾ 'ਤੇ ਐਚਐਸ ਫੂਲਕਾ ਨੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਉਨ੍ਹਾਂ ਨਾਲ ਡਟ ਕੇ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਜੋ ਅੱਜ ਜੇਲ੍ਹ ਦੀਆਂ ਸਲਾਖਾਂ ਵਿੱਚ ਜਾ ਰਿਹਾ ਹੈ, ਉਸ ਵਿੱਚ ਫੂਲਕਾ ਨੇ ਵੱਡਾ ਰੋਲ ਅਦਾ ਕੀਤਾ ਹੈ।