ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦੇ ਨਾਂ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੱਜ ਤਰਨ ਤਾਰਨ ਵਿੱਚ ਜਨਤਕ ਮੀਟਿੰਗ ਕਰ ਰਿਹਾ ਹੈ। ਇਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਬੀਬੀ ਜਗੀਰ ਕੌਰ ਵੀ ਮੌਜੂਦ ਹਨ। ਦੱਸ ਦੇਈਏ ਕਿ ਇਸ ਸੀਟ ਤੋਂ ਪੰਜਾਬ ਏਕਤਾ ਪਾਰਟੀ ਤੇ ਟਕਸਾਲੀ ਅਕਾਲੀ ਵੀ ਆਪਣਾ ਉਮੀਦਵਾਰ ਐਲਾਨ ਚੁੱਕੇ ਹਨ। ਹੁਣ ਕਾਂਗਰਸ ਉਮੀਦਵਾਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੁਕਾਬਲਾ ਕਿੰਨਾ ਜ਼ਬਰਦਸਤ ਹੋਵੇਗਾ।
ਇਸ ਤੋਂ ਪਹਿਲਾਂ ‘ਏਬੀਪੀ ਸਾਂਝਾ’ ਨਾਲ ਖ਼ਾਸ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਜਾਣ ਤੋਂ ਰੋਕਿਆ ਗਿਆ ਸੀ। ਹੁਣ ਉਹ ਲੋਕ ਸਭਾ ਵਿੱਚ ਆਪਣੀ ਸੀਟ ਪੱਕੀ ਕਰਨਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਨੂੰ ਦ੍ਰਿੜ੍ਹ ਇਰਾਦੇ ਵਾਲੇ ਪ੍ਰਧਾਨ ਮੰਤਰੀ ਦੀ ਲੋੜ ਹੈ।
ਬੀਬੀ ਜਗੀਰ ਕੌਰ ਨੇ ਵਿਰੋਧੀਆਂ ਨੂੰ ਕਿਹਾ ਕਿ ਪੰਥਕ ਮੁੱਦਿਆਂ ’ਤੇ ਉਨ੍ਹਾਂ ਨੂੰ ਸਿਰਫ ਉਹੀ ਲੋਕ ਘੇਰਨ, ਜਿਹੜੇ ਖ਼ੁਦ ਪੰਥਕ ਹਨ। ਉਨ੍ਹਾਂ ਕਿਹਾ ਕਿ ਸਾਰੇ ਟਕਸਾਲੀ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਟਕਸਾਲੀ ਤੇ ਹੋਰ ਕਾਂਗਰਸ ਲੀਡਰਾਂ ਦੀ ਬੀ ਟੀਮ ਨਹੀਂ, ਬਲਕਿ ਏ ਟੀਮ ਹੈ। ਬ੍ਰਹਮਪੁਰਾ ਨੇ ਖ਼ੁਦ ਐਸਜੀਪੀਸੀ 'ਤੇ ਕਬਜ਼ਾ ਕੀਤਾ ਸੀ।
ਉਨ੍ਹਾਂ ਸਵਾਲ ਚੁੱਕਿਆ ਕਿ ਜਦ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਬਾਦਲ 1984 'ਤੇ ਬੋਲੇ ਤਾਂ ਬ੍ਰਹਮਪੁਰਾ ਨੇ ਇਸ ਬਾਰੇ ਕੁਝ ਕਿਉਂ ਨਹੀਂ ਕਿਹਾ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਪੂਰੀ ਤਰ੍ਹਾਂ ਠੱਪ ਹੋਇਆ ਪਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸੂਬੇ ਵਿੱਚ ਕਾਂਗਰਸ ਨੇ ਨਸ਼ਿਆਂ ਦਾ ਝੂਠਾ ਪ੍ਰਚਾਰ ਕੀਤਾ ਸੀ।
ਇਸ ਤੋਂ ਇਲਾਵਾ ਬਹਿਬਲ ਕਲਾਂ ਮਾਮਲੇ ਬਾਰੇ ਸਿਟ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ SIT ਸਿਰਫ ਉਨ੍ਹਾਂ ਨੂੰ ਫਸਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਚੋਣਾਂ ਨੇੜੇ ਹੀ ਸਿੱਟ ਕਿਉਂ ਸਰਗਰਮ ਹੋ ਜਾਂਦੀ ਹੈ। ਇਸ ਮਾਮਲੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਵਿਧਾਇਕ ਮਨਤਾਰ ਬਰਾੜ ਤੋਂ ਹੋਈ ਪੁੱਛਗਿੱਛ ਬਾਰੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਬੇਅਦਬੀ ਤੇ ਗੋਲ਼ੀਕਾਂਡ ਮਾਮਲੇ ਵਿੱਚ ਕੋਈ ਕਸੂਰ ਨਹੀਂ।