ਚੰਡੀਗੜ੍ਹ: ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬੇਸ਼ੱਕ ਮੁੱਖ ਰਵਾਇਤੀ ਧਿਰਾਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ (ਬ) ਅਜੇ ਉਮੀਦਵਾਰਾਂ ਦੇ ਐਲਾਨ ਕਰਨ ਵਿੱਚ ਫਾਡੀ ਹਨ ਪਰ ਦੂਜੇ ਦਲਾਂ ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਹੁਣ ਤੱਕ ਪੰਜਾਬ ਜਮਹੂਰੀ ਗੱਠਜੋੜ (ਪੀਡੀਏ), ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਬਰਗਾੜੀ ਮੋਰਚਾ ਵੱਲੋਂ ਆਪਣੇ ਕਾਫੀ ਉਮੀਦਵਾਰ ਐਲਾਨ ਦਿੱਤੇ ਹਨ।


ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹ ਅਜੇ ਉਮੀਦਵਾਰਾਂ ਦੇ ਕੰਨ ਵਿੱਚ ਹੀ ਤਿਾਰ ਰਹਿਣ ਲਈ ਕਹਿ ਰਹੇ ਹਨ ਪਰ ਰਸਮੀ ਐਲਾਨ ਅਗਲੇ ਮਹੀਨੇ ਕੀਤਾ ਜਾਏਗਾ। ਦਰਅਸਲ ਸ਼੍ਰੋਮਣੀ ਅਕਾਲੀ ਦਲ (ਬ) ਪਹਿਲਾਂ ਕਾਂਗਰਸ ਦੀ ਰਣਨੀਤੀ ਵੇਖ ਰਿਹਾ ਹੈ ਕਿ ਉਸ ਵੱਲੋਂ ਕਿੱਥੋਂ ਕਿਹੜਾ ਉਮੀਦਵਾਰ ਉਤਾਰਿਆ ਜਾਂਦਾ ਹੈ। ਉਂਝ ਅਕਾਲੀ ਦਲ ਨੇ ਸੰਭਾਵੀ ਉਮੀਦਵਾਰਾਂ ਨੂੰ ਸਰਗਰਮ ਕਰ ਦਿੱਤਾ ਹੈ।

ਉਧਰ, ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ ਵੀ ਪਛੜਦਾ ਨਜ਼ਰ ਆ ਰਿਹਾ ਹੈ। ਸੂਤਰਾਂ ਮੁਤਾਬਕ ਪੰਜਾਬ ਵਿੱਚ ਲੋਕ ਸਭਾ ਚੋਣਾਂ ਆਖਰੀ ਗੇੜ ਵਿੱਚ ਹੋਣ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਦਾ ਫ਼ੈਸਲਾ ਵੀ ਤਕਰੀਬਨ ਮਹੀਨਾ ਟਲਣ ਦੇ ਆਸਾਰ ਹਨ। ਇਸ ਵੇਲੇ ਪੰਜਾਬ ਵਿੱਚ ਚੋਣਾਂ ਲਈ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਰਹਿੰਦਾ ਹੈ। ਕਾਂਗਰਸ ਦੇ ਉਮੀਦਵਾਰ ਹਾਈਕਮਾਨ ਨੇ ਤੈਅ ਕਰਨੇ ਹਨ। ਇਸ ਲਈ ਕਾਂਗਰਸ ਹਾਈਕਮਾਨ ਪਹਿਲਾਂ ਦੂਜੇ ਰਾਜਾਂ ਵੱਲ ਰੁੱਝ ਗਈ ਹੈ।

ਚਰਚਾ ਹੈ ਕਿ ਕਾਂਗਰਸ 13 ਲੋਕ ਸਭਾ ਹਲਕਿਆਂ ਵਾਸਤੇ ਉਮੀਦਵਾਰਾਂ ਦਾ ਫ਼ੈਸਲਾ ਮਹੀਨਾ ਠਹਿਰ ਤੇ ਕਰੇਗੀ ਕਿਉਂਕਿ ਬਹੁਤ ਪਹਿਲਾਂ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਨਾਲ ਖਰਚਾ ਬਹੁਤ ਜ਼ਿਆਦਾ ਵੱਧ ਜਾਵੇਗਾ ਤੇ ਦੂਜਾ ਪਾਰਟੀ ਦੇ ਅੰਦਰਲੇ ਵਿਰੋਧੀ ਵੀ ਸਰਗਰਮੀ ਕਰ ਸਕਦੇ ਹਨ।