ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਵਿਸ਼ੇਸ਼ ਇਜਲਾਸ ਅੱਜ ਸੱਦਿਆ ਗਿਆ ਹੈ। ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ SGPC ਦੇ ਪ੍ਰਧਾਨ ਧਾਮੀ ਵੱਲੋਂ ਸਿੱਖ ਗੁਰਦੁਆਰਾ ਐਕਟ ਵਿੱਚ ਜੋ ਸਰਕਾਰ ਨੇ ਸੋਧ ਕੀਤੀ ਹੈ ਉਸ ਨੂੰ ਰੱਦ ਕਰਨ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਸਾਰਿਆਂ ਦੀ ਸਹਿਮਤੀ ਨਾਲ ਰੱਦ ਕਰ ਦਿੱਤਾ ਗਿਆ। 



ਇਸ ਦੌਰਾਨ ਜਦੋਂ SGPC ਪ੍ਰਧਾਨ ਹਰਿੰਦਰ ਸਿੰਘ ਧਾਮੀ ਮਤਾ ਪੇਸ਼ ਕਰ ਰਹੇ ਸਨ ਤਾਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 'ਭਗਵੰਤ ਸਿੰਘ ਮਾਨ' ਕਹਿ ਕੇ ਸਬੰਧਨ ਕੀਤਾ। ਜਿਸ 'ਤੇ ਬੀਬੀ ਜਗੀਰ ਕੌਰ ਅਤੇ ਬੀਬੀ ਕਿਰਨਜੋਤ ਕੌਰ ਨੇ ਇਤਰਾਜ ਜਤਾਇਆ ਹੈ। ਬੀਬੀ ਜਗੀਰ ਕੌਰ ਅਤੇ ਬੀਬੀ ਕਿਰਨਜੋਤ ਕੌਰ ਨੇ ਕਿਹਾ ਮੁੱਖ ਮੰਤਰੀ ਨੇ ਆਪਣੇ ਨਾਮ ਨਾਲ ਕਦੇ ਵੀ ਸਿੰਘ ਨਹੀਂ ਲਾਇਆ ਅਜਿਹੇ ਵਿੱਚ ਤੁਸੀਂ ਮਤਾ ਪੜ੍ਹਦੇ ਸਮੇਂ ਭਗਵੰਤ ਸਿੰਘ ਮਾਨ ਬੋਲ ਰਹੇ ਹੋ। ਭਗਵੰਤ ਸਿੰਘ ਮਾਨ ਵਾਲਾ ਸ਼ਬਦ ਮਤੇ ਵਿੱਚੋਂ ਹਟਾਇਆ ਜਾਵੇ ਅਤੇ ਉਸ ਦੀ ਥਾਂ ਸਿਰਫ਼ ਭਰਗਵੰਤ ਮਾਨ ਲਿਖਿਆ ਜਾਵੇ।



ਬੀਬੀ ਜਗੀਰ ਕੌਰ ਅਤੇ ਬੀਬੀ ਕਿਰਨਜੋਤ ਕੌਰ ਦੇ ਇਤਰਾਜ਼ ਤੋਂ ਬਾਅਦ SGPC ਪ੍ਰਧਾਨ ਹਰਿੰਦਰ ਸਿੰਘ ਧਾਮੀ ਨੇ ਤੁਰੰਤ ਸੋਧ ਸਵੀਕਾਰ ਕੀਤੀ ਤੇ ਕਿਹਾ ਕਿ ਇਸ ਵਿਚੋਂ ’ਸਿੰਘ’ ਸ਼ਬਦ ਕੱਟਿਆ ਜਾਂਦਾ ਹੈ ਤੇ ਇਸਨੂੰ ਭਗਵੰਤ ਮਾਨ ਹੀ ਪੜ੍ਹਿਆ ਜਾਵੇ। 20 ਜੂਨ ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਧਾਰਾ 125 ਏ ਜੋੜੀ ਸੀ। ਜਿਸ ਵਿੱਚ ਪੰਜਾਬ ਸਰਕਾਰ ਨੇ ਦੱਸਿਆ ਕਿ ਇਹ ਐਕਟ ਮੁਤਾਬਕ ਗੁਰਬਾਣੀ ਪ੍ਰਸਾਰਣ ਦੇ ਸਾਰੇ ਹੱਕ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਜਾਂਦੇ ਹਨ। ਕਿਸੇ ਇੱਕ ਚੈਨਲ ਨੂੰ ਹੀ ਸਿਰਫ਼ ਲਾਈਵ ਕਰਨ ਦਾ ਅਧਿਕਾਰ ਨਹੀਂ ਹੋਵੇਗਾ।


ਪੰਜਾਬ ਸਰਕਾਰ ਦੇ ਇਸ ਫੈਸਲੇ ਖਿਲਾਫ਼ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਹੈ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਮਾਨ ਸਰਕਾਰ ਬਿਨਾਂ ਵਜ੍ਹਾ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਧਾਮੀ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਾਡਾ ਟੈਂਡਰ 21 ਜੁਲਾਈ 2023 ਨੂੰ ਖਤਮ ਹੋ ਰਿਹਾ ਹੈ ਅਜਿਹੇ ਵਿੱਚ ਭਗਵੰਤ ਮਾਨ ਨੇ ਕਾਹਲੀ ਕਿਉਂ ਕੀਤੀ ਇੱਕ ਦੋ ਦਿਨਾਂ ਵਿੱਚ ਹੀ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਦਾ ਮਤਾ ਪਾਸ ਕਰ ਦਿੱਤਾ।