ਪੰਜਾਬ ਨੂੰ ਹਾਲੇ ਤੱਕ ਸਥਾਈ ਡੀਜੀਪੀ ਨਸੀਬ ਨਹੀਂ ਹੋਇਆ ਹੈ। ਮੌਜੂਦਾ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਮਾਨ ਸਰਕਾਰ ਦੇ ਚੇਹੇਤ ਅਫ਼ਸਰ ਬਣ ਗਏ ਹਨ। ਇਸੇ ਲਈ ਸਰਕਾਰ ਨੇ ਹਾਲੇ ਤੱਕ ਪੱਕਾ ਡੀਜੀਪੀ ਲਗਾਉਣ ਲਈ UPSC ਨੂੰ ਅਧਿਕਾਰੀਆਂ ਦੇ ਨਾਮ ਨਹੀਂ ਭੇਜੇ ਹਨ। ਅਜਿਹੇ ਵਿੱਚ ਡੀਜੀਪੀ ਗੌਰਵ ਯਾਦਵ ਕਾਰਜਕਾਰੀ ਅਹੁਦੇ 'ਤੇ ਰਹਿੰਦੇ ਹੋਏ ਇੱਕ ਸਾਲ ਪੂਰਾ ਕਰਨ ਜਾ ਰਹੇ ਹਨ। 



ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ, ਆਈਪੀਐਸ ਗੌਰਵ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਦੋਂ ਤੋਂ ਹੀ ਉਨ੍ਹਾਂ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤੇ ਜਾਣ ਦੀਆਂ ਚਰਚਾਵਾਂ ਜ਼ੋਰ ਫੜਨ ਲੱਗੀਆਂ ਸਨ। ਜਦਕਿ ਡੀਜੀਪੀ ਐਸਟੀਐਫ ਅਤੇ ਜੇਲ੍ਹ ਹਰਪ੍ਰੀਤ ਸਿੰਘ ਸਿੱਧੂ ਦਾ ਨਾਂ ਵੀ ਇਸ ਦੌੜ ਵਿੱਚ ਸ਼ਾਮਲ ਸੀ। ਪਰ ਉਸ ਨੂੰ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ।



ਪਿਛਲੇ ਸਾਲ 4 ਜੁਲਾਈ 2022 ਨੂੰ ਮਾਨ ਸਰਕਾਰ ਨੇ 1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਨੂੰ ਪੰਜਾਬ ਪੁਲਿਸ ਦਾ ਡੀਜੀਪੀ ਨਿਯੁਕਤ ਕਰ ਦਿੱਤਾ ਸੀ। ਹਲਾਂਕਿ ਉਹਨਾਂ ਨੂੰ ਕਾਰਜਕਾਰੀ ਡੀਜੀਪੀ ਹੀ ਲਗਾਇਆ ਗਿਆ ਸੀ। 1987 ਬੈਚ ਦੇ IPS ਵੀ. ਕੇ. ਭਾਵਰਾ ਬਤੌਰ DGP ਰਹਿੰਦਿਆਂ ਸੂਬੇ ਦੀ ਕਾਨੂੰਨ ਵਿਵਸਥਾ ਬੁਰੇ ਤਰੀਕੇ ਨਾਲ ਡਗਮਗਾ ਗਈ ਸੀ। ਜਿਸ ਕਾਰਨ ਸਰਕਾਰ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਨੂੰ ਇਹ ਜਿੰਮੇਵਾਰੀ ਦੇ ਦਿੱਤੀ ਸੀ। 



ਆਪ੍ਰੇਸ਼ਨ ਅੰਮ੍ਰਿਤਪਾਲ 


ਇਸ ਸਾਲ ਮਾਰਚ ਮਹੀਨੇ ਪੰਜਾਬ ਪੁਲਿਸ ਵੱਲੋਂ ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ ਚਲਾਇਆ ਗਿਆ ਸੀ। ਜਿਸ ਵਿੱਚ ਪੰਜਾਬ ਪੁਲਿਸ ਦੀ ਪਲਾਨਿੰਗ ਅਤੇ ਸੋਚੀ ਸਮਝੀ ਰਣਨੀਤੀ ਕਾਰਨ ਸੂਬੇ ਅੰਦਰ ਇੱਕ ਵੀ ਹਿੰਸਕ ਘਟਨਾ ਨਾ ਵਾਪਰਨ ਦਾ ਪੁਲਿਸ ਨੇ ਦਾਅਵਾ ਕੀਤਾ ਸੀ। ਸਭ ਤੋਂ ਪਹਿਲਾਂ ਜਦੋਂ ਅਜਨਾਲਾ ਥਾਣੇ 'ਤੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਹਮਲਾ ਕੀਤਾ ਸੀ ਤਾਂ ਉਦੋਂ ਪੰਜਾਬ ਪੁਲਿਸ 'ਤੇ ਸਵਾਲ ਖੜ੍ਹੇ ਹੋਣ ਲੱਗੇ ਸਨ। ਵਿਰੋਧੀਆਂ ਦੇ ਨਾਲ ਨਾਲ ਪੰਜਾਬ ਦੀ ਜਨਤਾ ਵੀ ਪੰਜਾਬ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਖੁਸ਼ ਸੀ। ਕਿਉਂਕਿ ਅਜਨਾਲਾ ਥਾਣੇ 'ਚ ਵਾਪਰੀ ਹਿੰਸਾ 'ਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਇਸ ਮਹੀਨੇ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੀ ਅਤੇ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 




ਕੌਣ ਨੇ IPS ਅਧਿਕਾਰੀ ਗੌਰਵ ਯਾਦਵ ?


ਗੌਰਵ ਯਾਦਵ 1992 ਬੈਚ ਦੇ IPS ਅਧਿਕਾਰੀ ਹਨ। ਡੀਜੀਪੀ ਗੌਰਵ ਯਾਦਵ ਨੇ 2016 ‘ਚ ਪੁਲਿਸ ਦੀ ਖੁਫ਼ੀਆ ਵਿੰਗ ਦੇ ਮੁਖੀ ਵਜੋਂ ਕੰਮ ਕੀਤਾ। IPS ਗੌਰਵ ਯਾਦਵ  4 ਸਾਲ ਬਤੌਰ ਪੁਲਿਸ ਕਮਿਸ਼ਨਰ ਜਲੰਧਰ ਵੀ ਤੈਨਾਤ ਰਹੇ ਹਨ। ਗੌਰਵ ਯਾਦਵ ਦਸ ਸਾਲਾਂ ਤੱਕ ਪੰਜਾਬ ਦੇ ਵੱਖ - ਵੱਖ ਜਿਲ੍ਹਿਆਂ ‘ਚ ਬਤੌਰ SSP ਤੈਨਾਤ ਰਹੇ ਹਨ।  IPS ਯਾਦਵ 2002 ਤੋਂ 2004 ਤੱਕ ਚੰਡੀਗੜ੍ਹ ਦੇ SSP ਵੀ ਰਹੇ ਹਨ।


1992 ਬੈਚ ਦੇ IPS ਅਧਿਕਾਰੀ ਗੌਰਵ ਯਾਦਵ ਉਹ ਸਭ ਤੋਂ ਘੱਟ ਉਮਰ ਦੇ ਪੰਜਾਬ ਦੇ DGP ਬਣ ਗਏ ਹਨ।   DGP ਗੌਰਵ ਯਾਦਵ ਦੀ ਰਿਟਾਇਰਮੈਂਟ 2029 'ਚ ਹੋਂਣੀ ਹੈ। ਹਾਲਾਂਕਿ ਸਥਾਈ DGP ਕੌਣ ਹੋਵੇਗਾ ਇਹ ਪੰਜਾਬ ਸਰਕਾਰ ਵੱਲੋਂ UPSC ਨੂੰ ਭੇਜੀ ਗਈ ਲਿਸਟ ਤੇ ਮੋਹਰ ਲੱਗਣ ਤੋਂ ਬਾਅਦ ਹੀ ਤੈਅ ਹੋਏਗਾ।


1987 ਬੈਚ ਦੇ IPS ਵੀ. ਕੇ. ਭਾਵਰਾ ਬਤੌਰ DGP ਰਹਿੰਦਿਆਂ ਸੂਬੇ ਦੀ ਕਾਨੂੰਨ ਵਿਵਸਥਾ ਬੁਰੇ ਤਰੀਕੇ ਨਾਲ ਡਗਮਗਾ ਗਈ ਸੀ। ਇਨਟੈਲੀਜੈਂਸ ਦੀ ਬਿਲਡਿੰਗ 'ਤੇ ਰਾਕਟ ਲਾਂਚਰ ਨਾਲ ਹਮਲਾ ਤੇ ਸਿੱਧੂ ਮੂਸੇਵਾਲਾ ਦਾ ਦਿਨਦਿਹਾੜੇ ਕੀਤੇ ਕਤਲ ਸਮੇਤ ਕਈ ਅਜਿਹੀਆਂ ਵਾਰਦਾਤਾਂ ਹੋਇਆਂ ਜੋ ਉਹਨਾਂ ਦੇ 6 ਮਹੀਨੇ ਦੇ DGP ਦੇ ਕਾਰਜਕਾਲ ‘ਤੇ ਕਈ ਸਵਾਲ ਖੜੇ ਕਰਦੇ ਹਨ। ਹੁਣ ਪੰਜਾਬ ਪੁਲਿਸ ਦੀ ਕਮਾਨ ਨੌਜਵਾਨ IPS ਅਧਿਕਾਰੀ ਗੌਰਵ ਯਾਦਵ ਦੇ ਮੋਢਿਆਂ ‘ਤੇ ਹੈ। ਜਿਹਨਾਂ ਨੂੰ 4 ਜੁਲਾਈ ਨੂੰ ਇਹ ਸੇਵਾ ਕਰਦਿਆਂ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ।