ਚੰਡੀਗੜ੍ਹ ( ਪਰਮਜੀਤ ਸਿੰਘ ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਸਸਪੈਂਡ ਕਰਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਏਬੀਪੀ ਸਾਂਝਾਂ 'ਤੇ ਵੱਡੀਆਂ ਗੱਲਾਂ ਨੂੰ ਬਿਆਨ ਕੀਤਾ ਹੈ। ਉਹਨਾਂ ਕਿਹਾ ਕਿ ਐਸ.ਜੀ.ਪੀ.ਸੀ ਉਪਰ ਸਮੁੱਚੀ ਸਿੱਖ ਕੌਮ ਦਾ ਹੱਕ ਤੇ ਸਿੱਖ ਕੇਵਲ ਅਕਾਲੀ ਦਲ ‘ਚ ਨਹੀ ਬਲਕਿ ਪੂਰੀ ਦੁਨੀਆਂ ‘ਚ ਵੱਸਦੇ ਨੇ ਪਰ ਜਦੋਂ ਪ੍ਰਧਾਨ ਦੀ ਚੋਣ ਹੋਣੀ ਹੁੰਦੀ ਹੈ ਤਾਂ ਦੁਨੀਆਂ ਭਰ ਦੇ ਸਿੱਖਾਂ ‘ਚ ਲਫਾਫਾ ਕਲਚਰ ਦੀਆਂ ਗੱਲਾਂ ਹੁੰਦੀਆਂ ਹਨ ਤੇ ਸੰਗਤ ਮਹਿਸੂਸ ਕਰਦੀ ਹੈ ਕਿ ਇਸ ਪ੍ਰਥਾ ਨੂੰ ਖ਼ਤਮ ਕੀਤਾ ਜਾਵੇ। 


 

ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਕਦੇ ਵੀ ਚੋਣ ਲੜਨ ਦੀ ਇਛੁਕ ਨਹੀਂ ਸੀ। ਲੋਕ ਇਸ ਵੇਲੇ ਅਕਾਲੀ ਦਲ ਦੇ ਖਿਲਾਫ ਸਨ ਤੇ ਇਹ ਵੇਲਾ ਸੀ ਇਸ ਨੂੰ ਕਵਰ ਕੀਤਾ ਜਾਵੇ, ਜਿਸਦੀ ਮੈਨੂੰ ਸਜ਼ਾ ਮਿਲੀ। ਮੈਂ ਸੋਚਿਆ ਸੀ ਕਿ ਮੈਂ ਅਕਾਲੀ ਦਲ ਦੀ ਬਹੁਤ ਭਰੋਸੇਯੋਗ ਹਾਂ ,ਮੇਰੀ ਗੱਲ ਜਰੂਰ ਮੰਨਣਗੇ। ਮੈਂ ਪਰਦੇ ਨਾਲ ਸੁਖਬੀਰ ਬਾਦਲ ਨੂੰ ਕਿਹਾ ਕਿ ਹੁਣ ਵਖਤ ਹੈ ਕਿ ਇਸ ਪ੍ਰਥਾਂ ‘ਚ ਤਬਦੀਲੀ ਲਿਆਂਦੀ ਜਾਵੇ ਪਰ ਇਸ ਦੇ ਉਲਟ ਪਾਰਟੀ ਨੇ ਮੇਰੇ 'ਤੇ ਜੋ ਕਾਰਵਾਈ ਕੀਤੀ ਹੈ ,ਇਸ ਤੋਂ ਸਪਸ਼ਟ ਹੈ ਕਿ ਇਹਨਾਂ ਦੇ ਦਫਤਰ ‘ਚ ਜਾਣਕਾਰੀ ਸੀ ਤੇ ਅੱਜ ਸਿਰਫ ਮੇਰੇ 'ਤੇ ਪ੍ਰੈਸ਼ਰ ਪਾਉਣ ਲਈ ਇਹ ਕਾਰਵਾਈ ਹੋਈ। 

ਉਨ੍ਹਾਂ ਕਿਹਾ ਕਿ 1920 ਤੋਂ ਮੇਰਾ ਪਛੋਕੜ ਅਕਾਲੀ ਦਲ ਨਾਲ ਹੈ ,1996 ‘ਚ ਮੈਨੂੰ ਪਹਿਲੀ ਵਾਰ ਚੋਣ ਲੜਾ ਕੇ ਪ੍ਰਧਾਨ ਬਣਾਇਆ ਤਾਂ ਕਿ ਗੁਰਚਰਨ ਸਿੰਘ ਟੋਹੜਾ ਨੂੰ ਇਹਨਾਂ ਨੇ ਲਾਹੁਣਾ ਸੀ। ਕੀ ਉਸ ਵੇਲੇ ਮੈ ਕਾਬਿਲ ਸੀ ?
ਅੱਜ ਮੇਰੇ ਬੀਜੇਪੀ ਦੇ ਨਾਲ ਨੇੜਤਾ ਦੀਆਂ ਗੱਲਾਂ ਕਰ ਰਹੇ ਹਨ ਪਰ ਖੁਦ ਇਹ ਬੀਜੇਪੀ ਦਾ ਨਾਲ ਅਲਾਇੰਸ ਕਰਨ ਨੂੰ ਫਿਰਦੇ ਪਏ ਹਨ। ਰਾਸ਼ਟਪਤੀ ਦੀ ਚੋਣ ‘ਚ ਵੋਟ ਇਹ ਪਾਉਂਦੇ ਹਨ ਇਲਜ਼ਾਮ ਮੇਰੇ 'ਤੇ ਲਗਾ ਰਹੇ ਹਨ। ਮੇਰੀ ਕਾਲ ਡੀਟੇਲ 'ਤੇ ਇਕ ਵੀ ਗੱਲ ਅਜਿਹੀ ਸਾਬਤ ਕਰ ਦੇਣ। ਮੈਂ ਕੇਵਲ ਸੇਵਾ ਕਰਨ ਦੀ ਭਾਂਵਨਾ ਨਾਲ ਇਹ ਮੁੱਦਾ ਚੁੱਕਿਆ। 

ਸੰਗਤ ਗਵਾਹ ਹੈ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਯਾਦਾ ‘ਚ ਦਰ੍ਰਿੜ ਰਹੀ ਹਾਂ।  ਹਰਸਿਮਰਤ ਕੌਰ ਬਾਦਲ 550 ਸਾਲਾ ਸ਼ਤਾਬਦੀ ਦੇ ਸੋਨੇ ਦਾ ਪੱਤਰਾ ਲੈ ਕੇ ਸੁਲਤਾਨਪੁਰਲੋਧੀ ਪਹੁੰਚੇ ਪਰ ਮੈਂ ਮਰਿਯਾਦਾ ਦਾ ਹਵਾਲਾ ਦੇ ਕੇ ਇਸ ਦਾ ਡੱਟ ਕੇ ਵਿਰੋਧ ਕੀਤਾ। ਮੇਰੇ ਕਾਰਜਕਾਲ ਦੌਰਾਨ ਜਦੋਂ ਮੈ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਤਾਂ ਗਿਆਨੀ ਪੂਰਨ ਸਿੰਘ ਨੇ ਛੇਕ ਦਿੱਤਾ ,ਮੈ 28 ਦਿਨ ਇਕਾਂਤਵਾਸ ਰਹੀ ਪਰ ਸੰਗਤ ਨੇ ਮੇਰੇ ਹੱਕ ‘ਚ ਫੈਸਲਾ ਕੀਤਾ ਤੇ ਅਸੀ ਅਗਜ਼ੈਕਟਿਵ ‘ਚ ਸਿੰਘ ਸਾਹਿਬ ਨੂੰ ਪਦਵੀ ਤੋਂ ਲਾਹਿਆ ਤੇ ਅੱਜ ਵੀ ਮੈਂ ਸੱਚ ਦੀ ਹੀ ਗੱਲ ਕੀਤੀ। ਅਕਾਲੀ ਦਲ ਦੇ ਆਈਟੀ ਵਿੰਗ ਨੇ ਮੇਰੇ ਖਿਲ਼ਾਫ ਰੱਜ ਕੇ ਕੂੜ ਪ੍ਰਚਾਰ ਕੀਤਾ, ਉਹ ਗੱਲਾਂ ਕੀਤੀਆਂ, ਜਿਹਨਾਂ ਨੂੰ ਕੋਈ ਔਰਤ ਸੁਣ ਨਹੀਂ ਸਕਦੀ ਪਰ ਅੱਜ ਮੇਰੀ ਅਣਖ ਕਹਿੰਦੀ ਹੈ ਕਿ ਉਹਨਾਂ ਬੇਗੈਰਤ ਲੋਕਾਂ ‘ਚ ਨਾ ਜਾ ਕੇ ਬੈਠਾਂ।